ਡੇਂਗੂ ਦਾ ਕਹਿਰ, ਅਮਰਗੜ੍ਹ ’ਚ ਹੋਈਆਂ ਅੱਠ ਮੌਤਾਂ
ਅਮਰਗੜ੍ਹ 'ਚ ਮਚਾਇਆ ਡੇਂਗੂ ਨੇ ਕਹਿਰ -ਹੋਈਆਂ ਅੱਠ ਮੌਤਾਂ
Publish Date: Mon, 06 Oct 2025 04:29 PM (IST)
Updated Date: Tue, 07 Oct 2025 04:02 AM (IST)

ਸਾਬਕਾ ਵਿਧਾਇਕ ਝੂੰਦਾ ਨੇ ਐੱਸਐੱਮਓ ਨਾਲ ਮੀਟਿੰਗ ਕਰ ਕੇ ਕੀਤੀ ਇਲਾਜ ਦੀ ਮੰਗ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਅਮਰਗੜ੍ਹ ਅੰਦਰ ਸਥਿਤੀ ਇਸ ਤੋਂ ਕੁਝ ਵੱਖਰੀ ਬਣੀ ਹੋਈ ਹੈ। ਨਗਰ ਪੰਚਾਇਤ ਅਮਰਗੜ੍ਹ ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਾਰਡ ਨੰਬਰ ਇਕ ’ਚ ਪਹੁੰਚੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਸਮੇਤ ਕੌਂਸਲਰ ਮੀਕੋ ਦੇ ਪਤੀ ਭਜਨ ਰਾਮ, ਤੇਜਾ ਸਿੰਘ, ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ ਤੇ ਸਰਵਨ ਸਿੰਘ ਨੇ ਕਿਹਾ ਕਿ ਇੱਥੇ ਹੁਣ ਤਕ ਡੇਂਗੂ ਨਾਲ ਛੇ ਮੌਤਾਂ ਹੋ ਚੁੱਕੀਆਂ ਹਨ ਅਤੇ ਸੌ ਤੋਂ ਜ਼ਿਆਦਾ ਮਰੀਜ਼ ਪੀੜਤ ਹਨ। ਉਨ੍ਹਾਂ ਸਰਕਾਰ ਪਾਸੋਂ ਜਿੱਥੇ ਡੇਂਗੂ ਦੇ ਪ੍ਰਕੋਪ ਲਈ ਰੋਕਥਾਮ ਦੀ ਅਪੀਲ ਕੀਤੀ, ਉੱਥੇ ਹੀ ਮੁੱਢਲਾ ਸਿਹਤ ਕੇਂਦਰ ਅਮਰਗੜ੍ਹ ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਵੀ ਕਿਹਾ, ਤਾਂ ਜੋ ਗਰੀਬ ਮਰੀਜ਼ ਪ੍ਰਾਈਵੇਟ ਡਾਕਟਰਾਂ ਦੇ ਮਹਿੰਗੇ ਇਲਾਜ ਤੇ ਬਿਮਾਰੀ ਤੋਂ ਬਚ ਸਕਣ। ਡੇਂਗੂ ਪੀੜਤ ਬਾਹਰੋਂ ਲੁੱਟ ਕਰਾਉਣ ਲਈ ਮਜ਼ਬੂਰ ਮੁੱਢਲਾ ਸਿਹਤ ਕੇਂਦਰ ਅਮਰਗੜ੍ਹ ’ਚ ਡਾਕਟਰਾਂ ਦੀ ਘਾਟ ਹੋਣ ਕਾਰਨ ਗ਼ਰੀਬ ਮਰੀਜ਼ ਬਾਹਰੋਂ ਪ੍ਰਾਈਵੇਟ ਡਾਕਟਰਾਂ ਤੋਂ ਇਲਾਜ ਕਰਾਉਣ ਲਈ ਮਜ਼ਬੂਰ ਹਨ। ਇਸ ਕਾਰਨ ਕੁਝ ਮੈਡੀਕਲ ਸਟੋਰਾਂ ਵੱਲੋਂ ਵੀ ਡੇਂਗੂ ਦੇ ਮਰੀਜ਼ਾਂ ਦੀ ਤਕਲੀਫ ਨੂੰ ਸਮਝਦੇ ਹੋਏ ਆਪਣੇ ਅਧਿਕਾਰ ਤੋਂ ਬਾਹਰ ਜਾ ਕੇ ਵੀ ਮਰੀਜ਼ਾਂ ਦੇ ਕੁਰਸੀਆਂ ਤੇ ਬਿਠਾ ਕੇ ਹੀ ਡਰਿਪ ਲਗਾਏ ਜਾ ਰਹੇ ਹਨ। ਝੂੰਦਾ ਨੇ ਕੀਤੀ ਐੱਸਐੱਮਓ ਨਾਲ ਮੀਟਿੰਗ ਸ਼ਹੀਦ ਭਗਤ ਸਿੰਘ ਨਗਰ ’ਚ ਹੋਈਆਂ ਛੇ ਮੌਤਾਂ ਤੋਂ ਬਾਅਦ ਅੱਜ ਅਮਰਗੜ੍ਹ ਵਿਖੇ ਵੀ ਡੇਂਗੂ ਨਾਲ ਹੋਈਆਂ 2 ਮੌਤਾਂ ਹੋਰ ਹੋਣ ਦੀ ਖ਼ਬਰ ਮਿਲਦੇ ਹੀ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਵੱਲੋਂ ਐੱਸਐੱਮਓ ਡਾ. ਅਮਨਦੀਪ ਕੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜਿੱਥੇ ਉਨ੍ਹਾਂ ਮੁਢਲਾ ਸਿਹਤ ਕੇਂਦਰ ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਗੱਲ ਆਖੀ, ਉਥੇ ਹੀ ਉਨ੍ਹਾਂ ਸਿਹਤ ਵਿਭਾਗ ਨੂੰ ਡੇਂਗੂ ਨੂੰ ਠੱਲਣ ਲਈ ਵੱਖ-ਵੱਖ ਬਸਤੀਆਂ ਤੇ ਮੁਹੱਲਿਆ ’ਚ ਪਹੁੰਚ ਕੇ ਡੇਂਗੂ ਦੇ ਮਰੀਜ਼ਾਂ ਦੀ ਜਾਂਚ ਤੇ ਇਲਾਜ ਕਰਨ ਦੀ ਮੰਗ ਕੀਤੀ। ਐੱਸਐੱਮਓ ਨੇ ਨਹੀਂ ਕੀਤੀ ਮੌਤਾਂ ਦੀ ਪੁਸ਼ਟੀ ਪੂਰੇ ਮਾਮਲੇ ਸਬੰਧੀ ਜਦੋਂ ਐੱਸਐੱਮਓ ਡਾ.ਅਮਨਦੀਪ ਕੌਰ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਹੋਈਆਂ ਮੌਤਾਂ ਸਬੰਧੀ ਅਣਜਾਣਤਾ ਪ੍ਰਗਟਾਉਂਦੇ ਹੋਏ ਡੇਂਗੂ ਨਾਲ ਹੋਈ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਮੁੱਢਲਾ ਸਿਹਤ ਕੇਂਦਰ ਚ ਡਾਕਟਰਾਂ ਦੀ ਘਾਟ ਅਤੇ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਬੰਦ ਹੋਣ ਦੀ ਗੱਲ ਨੂੰ ਕਬੂਲਦੇ ਹੋਏ ਉਨ੍ਹਾਂ ਕਿਹਾ ਕਿ ਜਲਦ ਹੀ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇਗੀ। ਉਨ੍ਹਾਂ ਡੇਂਗੂ ਦੇ ਬਚਾਅ ਲਈ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ।