ਸਿਵਲ ਹਸਪਤਾਲ ਦਾ ਨਾਮ ਬਦਲਣ ਤੇ ਸੁਪਰਸਪੈਸ਼ਲਿਟੀ ਬਣਾਉਣ ਦੀ ਕੀਤੀ ਮੰਗ
ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦਾ ਨਾਮ ਬਦਲਣ ਅਤੇ ਸੁਪਰਸਪੈਸ਼ਲਿਟੀ ਬਣਾਉਣ ਦੀ ਮੰਗ
Publish Date: Sun, 10 May 2026 05:47 PM (IST)
Updated Date: Sun, 10 May 2026 05:48 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਮੰਗ ਪੱਤਰ ਭੇਜਿਆ। ਇਸ ਮੰਗ ਪੱਤਰ ਰਾਹੀਂ ਉਨ੍ਹਾਂ ਨੇ ਸਰਕਾਰੀ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦਾ ਨਾਮ ਮਹਾਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਨਾਮ ’ਤੇ ਰੱਖਣ ਅਤੇ ਇਸ ਨੂੰ ਸੁਪਰਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਮੰਗ ਕੀਤੀ ਹੈ। ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਇਹ ਪਵਿੱਤਰ ਧਰਤੀ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਹੈ, ਜਿਸ ਕਾਰਨ ਇੱਥੋਂ ਦੇ ਹਸਪਤਾਲ ਦਾ ਨਾਮ ਸ਼ਹੀਦਾਂ ਦੇ ਨਾਮ ’ਤੇ ਹੋਣਾ ਬਹੁਤ ਜ਼ਰੂਰੀ ਹੈ। ਮੰਗ ਪੱਤਰ ’ਚ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮੌਜੂਦਾ ਸਮੇਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਮਹਿਜ਼ ਇਕ ਰੈਫ਼ਰ ਹਸਪਤਾਲ ਬਣ ਕੇ ਰਹਿ ਗਿਆ ਹੈ। ਇੱਥੇ ਕਿਸੇ ਵੀ ਮਰੀਜ਼ ਦਾ ਮੁਕੰਮਲ ਇਲਾਜ ਨਹੀਂ ਹੁੰਦਾ ਅਤੇ ਅਕਸਰ ਮਰੀਜ਼ਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਜਾਂ ਪੀਜੀਆਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਪੰਜੋਲੀ ਨੇ ਮੰਗ ਕੀਤੀ ਕਿ ਇਸ ਹਸਪਤਾਲ ਨੂੰ ਸੁਪਰਸਪੈਸ਼ਲਿਟੀ ਹਸਪਤਾਲ ਵਜੋਂ ਵਿਕਸਤ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਚੰਡੀਗੜ੍ਹ ਜਾਂ ਪਟਿਆਲਾ ਵੱਲ ਨਾ ਭੱਜਣਾ ਪਵੇ। ਉਨ੍ਹਾਂ ਦਲੀਲ ਦਿੱਤੀ ਕਿ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ 45 ਕਿਲੋਮੀਟਰ ਅਤੇ ਪਟਿਆਲਾ 35 ਕਿਲੋਮੀਟਰ ਦੂਰ ਹੈ ਅਤੇ ਰਸਤੇ ’ਚ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਦਿਲ ਦੇ ਦੌਰੇ ਵਰਗੀਆਂ ਹੰਗਾਮੀ ਹਾਲਤਾਂ ’ਚ ਮਰੀਜ਼ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਗ਼ਰੀਬ ਲੋਕਾਂ ਦੀ ਸਹੂਲਤ ਲਈ ਇਸ ਹਸਪਤਾਲ ’ਚ ਸਾਰੀਆਂ ਆਧੁਨਿਕ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣ।