ਨਗਰ ਕੌਂਸਲ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਿੱਤਾ ਮੰਗ ਪੱਤਰ
ਨਗਰ ਕੌਂਸਲ ਚੋਣਾਂ ਨੂੰ ਪਾਰਦਰਸ਼ੀ ਅਤੇ ਲੋਕਤੰਤਰੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਿੱਤਾ ਮੰਗ ਪੱਤਰ
Publish Date: Mon, 04 May 2026 04:57 PM (IST)
Updated Date: Mon, 04 May 2026 04:59 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਚੋਣਾਂ ਨੂੰ ਪਾਰਦਰਸ਼ੀ ਤੇ ਲੋਕਤੰਤਰੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਜਨਤਾ ਪਾਰਟੀ ਦਾ ਇਕ ਵਫ਼ਦ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਦੀ ਅਗਵਾਈ ਹੇਠ ਐੱਸਡੀਐਮ ਅਮਲੋਹ ਨੂੰ ਮਿਲਿਆ। ਵਫ਼ਦ ਵੱਲੋਂ ਨਗਰ ਕੌਂਸਲ ਚੋਣਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ’ਚ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਚੋਣਾਂ ਨੂੰ ਨਿਰਪੱਖ ਕਰਵਾਉਣ, ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 12 ਮਈ 2026 ਤੋਂ ਬਾਅਦ ਵਾਧੂ ਸੂਚੀਆਂ ਨਾ ਜੋੜਨ ਅਤੇ ਹੋਰ ਸੁਧਾਰਾਂ ਸਬੰਧੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅੰਤਿਮ ਸੂਚੀ ਦੀ ਪਵਿੱਤਰਤਾ ਨੂੰ ਬਣਾਏ ਰੱਖਣ ਲਈ 12 ਮਈ ਤੋਂ ਬਾਅਦ ਕੋਈ ਵੀ ਸਪਲੀਮੈਂਟਰੀ ਲਿਸਟ (ਵਾਧੂ ਸੂਚੀ) ਨਾ ਜੋੜੀ ਜਾਵੇ। ਅੰਤਿਮ ਪ੍ਰਕਾਸ਼ਨਾ ਤੋਂ ਬਾਅਦ ਨਵੀਂਆਂ ਵੋਟਾਂ ਦਾ ਇੰਦਰਾਜ਼ ਚੋਣ ਪ੍ਰਕਿਰਿਆ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਸਬੰਧੀ ਜੋ ਵੀ ਇਤਰਾਜ਼ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ, ਉਨ੍ਹਾਂ ਦਾ ਨਿਪਟਾਰਾ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਸਕਾਰਾਤਮਕ ਅਤੇ ਪਾਰਦਰਸ਼ੀ ਤਰੀਕੇ ਨਾਲ ਯਕੀਨੀ ਬਣਾਇਆ ਜਾਵੇ। ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਵਾਧੂ ਸੁਰੱਖਿਆ ਅਤੇ ਵੀਡੀਓਗ੍ਰਾਫੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੀ ਵੋਟ ਪਾ ਸਕਣ। ਪਦਮ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੀ ਹੈ ਕਿ ਲੋਕਤੰਤਰ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਇਨ੍ਹਾਂ ਜਾਇਜ਼ ਮੰਗਾਂ ’ਤੇ ਤੁਰੰਤ ਗੌਰ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਦੇ ਨਾਲ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਚੋਣ ਇੰਚਾਰਜ ਵਿਪਨ ਸੂਦ ਕਾਕਾ, ਦੇਵੀ ਦਿਆਲ ਪਰਾਸ਼ਰ, ਰਾਕੇਸ਼ ਗੁਪਤਾ, ਸਾਹਿਲ ਗਰਗ, ਜਗਦੀਪ ਸਿੰਘ ਚੀਮਾ, ਰਾਜਨ ਕੱਕੜ, ਮਯੰਕ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ, ਮਦਨ ਧੀਮਾਨ, ਸੁਰੇਸ਼ ਕੁਮਾਰ ਬਵਲੀ ਆਦਿ ਹਾਜ਼ਰ ਸਨ।