ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦੀ ਮੰਗ ਪੂਰੀ, ਕੰਮ ’ਤੇ ਵਾਪਸ ਮੁੜੇ
ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦੀ ਮੰਗ ਪੂਰੀ, ਕੰਮ ’ਤੇ ਵਾਪਸ ਮੁੜੇ
Publish Date: Thu, 21 May 2026 06:23 PM (IST)
Updated Date: Fri, 22 May 2026 04:11 AM (IST)

6 ਮਈ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ 600 ਟਨ ਤੋਂ ਵੱਧ ਕੂੜਾ ਜਮ੍ਹਾਂ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ’ਤੇ ਪੰਜਾਬ ਸਰਕਾਰ ਵੱਲੋਂ ਭਰੋਸਾ ਤੇ ਲਿਖਤੀ ਯਕੀਨ ਦਿਵਾਏ ਜਾਣ ਤੋਂ ਬਾਅਦ ਵੀਰਵਾਰ ਦੁਪਹਿਰ ਸਫਾਈ ਸੇਵਕਾਂ ਨੇ 16ਵੇਂ ਦਿਨ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਸਫਾਈ ਸੇਵਕਾਂ ਦੀ 16 ਦਿਨਾਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਤੋਂ ਲੈ ਕੇ ਹਰ ਸੜਕ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ’ਚ ਕਰੀਬ 600 ਟਨ ਤੋਂ ਵੱਧ ਕੂੜਾ ਇਕੱਠਾ ਹੋ ਗਿਆ ਹੈ। ਸਿਰਫ਼ ਸੰਗਰੂਰ ਹੀ ਨਹੀਂ, ਸਗੋਂ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਤੇ ਪਿੰਡਾਂ ਵਿੱਚ ਵੀ ਕੂੜਾ ਜਮ੍ਹਾਂ ਹੋਣ ਕਾਰਨ ਲੋਕ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਲਈ ਲੰਘਣਾ ਵੀ ਔਖਾ ਹੋ ਗਿਆ ਸੀ। ਸ਼ੁੱਕਰਵਾਰ ਤੋਂ ਸ਼ਹਿਰ ’ਚ ਕੂੜਾ ਚੁੱਕਣ ਤੇ ਸਫਾਈ ਦਾ ਕੰਮ ਮੁੜ ਸ਼ੁਰੂ ਹੋ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਸਫਾਈ ਸੇਵਕ ਯੂਨੀਅਨ ਪੰਜਾਬ ਤੇ ਮਿਊਂਸੀਪਲ ਕਰਮਚਾਰੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਸਫਾਈ ਸੇਵਕ 6 ਮਈ ਤੋਂ ਹੜਤਾਲ ’ਤੇ ਸਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਤੇ ਲੋਕਲ ਪ੍ਰਧਾਨ ਅਜੈ ਬੇਦੀ ਨੇ ਦੱਸਿਆ ਕਿ ਸਫਾਈ ਸੇਵਕਾਂ ਦੀਆਂ ਮੁੱਖ ਮੰਗਾਂ ’ਚ ਸਮੇਂ ਸਿਰ ਤਨਖਾਹ ਦੇਣਾ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, 40 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ, ਮੌਤ ਤੋਂ ਬਾਅਦ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣਾ ਤੇ ਕਈ ਸਾਲਾਂ ਤੋਂ ਬਕਾਇਆ ਪੀਐੱਫ ਦੀ ਰਕਮ ਜਮ੍ਹਾ ਕਰਵਾਉਣਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬਾ ਕਮੇਟੀ ਨਾਲ ਮੀਟਿੰਗ ਕਰਕੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅਜੈ ਕੁਮਾਰ, ਊਸ਼ਾ ਦੇਵੀ, ਨੱਥਾ ਰਾਮ, ਅਸ਼ੋਕ ਕੁਮਾਰ, ਰਮੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਰੇਸ਼ ਬਦਰ, ਰਾਜੇਸ਼ ਕੁਮਾਰ, ਅਸ਼ੋਕ, ਸੰਜੀਵ ਸਾਹਨੀ, ਗੁਰਪ੍ਰੀਤ ਸਿੰਘ ਬਰਾੜ, ਅਮਰੀਕ ਸਿੰਘ, ਜਸਮੇਲ ਸਿੰਘ, ਸਿਲਕੀ ਬਾਂਸਲ ਅਤੇ ਗਾਇਤਰੀ ਹਾਜ਼ਰ ਸਨ। ਹੜਤਾਲ ਕਾਰਨ ਸੰਗਰੂਰ ਸ਼ਹਿਰ ਦੇ ਸਬਜ਼ੀ ਮੰਡੀ ਰੋਡ, ਸਿਵਲ ਹਸਪਤਾਲ, ਰਣਬੀਰ ਕਾਲਜ ਰੋਡ, ਨਾਭਾ ਗੇਟ, ਪ੍ਰੇਮ ਬਸਤੀ ਰੋਡ, ਵਾਰ ਹੀਰੋਜ਼ ਸਟੇਡੀਅਮ, ਡਾ. ਅੰਬੇਡਕਰ ਨਗਰ, ਰੈਸਟ ਹਾਊਸ ਰੋਡ, ਰੇਲਵੇ ਚੌਕ, ਮਾਰਕੀਟ ਕਮੇਟੀ ਦਫ਼ਤਰ, ਉਭਾਵਾਲ ਸਬਜ਼ੀ ਮੰਡੀ ਬਾਹਰ ਤੇ ਡੀਸੀ ਦਫ਼ਤਰ ਬਾਹਰ ਸਮੇਤ ਕਰੀਬ 50 ਥਾਵਾਂ ’ਤੇ ਕੂੜੇ ਦੇ ਵੱਡੇ ਢੇਰ ਲੱਗੇ ਰਹੇ।