ਨੌਜਵਾਨ ਦੀ ਭੇਦਭਰੇ ਹਾਲਾਤ ‘ਚ ਮੌਤ
ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ
Publish Date: Thu, 28 May 2026 06:01 PM (IST)
Updated Date: Fri, 29 May 2026 04:10 AM (IST)

ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਕਰਾਂਗੇ ਥਾਣੇ ਦਾ ਘਿਰਾਓ : ਡਾ ਜਤਿੰਦਰ ਸਿੰਘ ਮੱਟੂ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹਲਕਾ ਸ਼ੁਤਰਾਣਾ ਅਧੀਨ ਪੈਂਦੇ ਪਿੰਡ ਰਾਜਗੜ ਸੋਂਧੇਵਾਲ ਦੇ 24 ਸਾਲਾ ਨੌਜਵਾਨ ਲੱਖ ਨਿਰੰਜਨ ਉਰਫ ਹਨੀ ਦੀ 20 ਮਈ ਨੂੰ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ 8 ਦਿਨ ਬੀਤ ਜਾਣ ਬਾਅਦ ਵੀ ਹਨੀ ਦੀ ਮੌਤ ਦੇ ਜਿੰਮੇਵਾਰ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਹੁੰਦੀ ਦੇਖ ਪਰਿਵਾਰਕ ਮੈਂਬਰਾਂ ਨੇ ਹਲਕਾ ਸ਼ੁਤਰਾਣਾ ਦੇ ਸਰਗਰਮ ਨੌਜਵਾਨ ਲੋਕ ਆਗੂ ਡਾ ਜਤਿੰਦਰ ਸਿੰਘ ਮੱਟੂ ਕੋਲ ਇਨਸਾਫ ਦੀ ਗੁਹਾਰ ਲਗਾਈ। ਜਿਸ ਤੋਂ ਬਾਅਦ ਫੌਰੀ ਹਰਕਤ ਵਿੱਚ ਆਉਂਦਿਆਂ ਨੌਜਵਾਨ ਲੋਕ ਆਗੂ ਡਾ ਮੱਟੂ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰ ਸਾਥੀਆਂ ਨੂੰ ਨਾਲ ਲੈ ਕੇ ਪੁਲਿਸ ਚੌਂਕੀ ਮਵੀ ਕਲਾਂ ਪਹੁੰਚੇ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਆਪਣੇ ਲੜਕੇ ਦੀ ਮੌਤ ਸੋਚੀ ਸਮਝੀ ਸਾਜਿਸ਼ ਤਹਿਤ ਕਤਲ ਹੋਣ ਦਾ ਸ਼ੰਕਾ ਪ੍ਰਗਟਾਇਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਿਖਤੀ ਸ਼ਿਕਾਇਤ ਚੌਂਕੀ ਮੁਖੀ ਬਲਕਾਰ ਸਿੰਘ ਨਿਰਮਾਣ ਨੂੰ ਸੌਂਪਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਲਈ ਪੁਲਿਸ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਚਿਤਾਵਨੀ ਪੱਤਰ ਸੌਂਪਦੇ ਹੋਏ ਡਾ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਨਾਂ ਦਾ ਲੜਕਾ ਲੱਖ ਨਿਰੰਜਨ ਡੇਢ ਸਾਲ ਪਹਿਲਾਂ ਨਸ਼ਿਆਂ ਦੀ ਮਾੜੀ ਸੰਗਤ ਵਿੱਚ ਪੈ ਗਿਆ ਸੀ। ਜਿਸ ਤੋਂ ਬਾਅਦ ਉਹ ਨਸ਼ਿਆਂ ਨੂੰ ਛੱਡਣ ਲਈ 2-3 ਮਹੀਨੇ ਸਮਰਾਲਾ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਰਿਹਾ ਅਤੇ ਨਸ਼ੇ ਛੱਡ ਗਿਆ ਸੀ। ਹੁਣ ਉਹ ਪਟਿਆਲਾ ਦੇ ਇਕ ਮਾਲ ਵਿੱਚ ਸੁਰੱਖਿਆ ਗਾਰਡ ਵਜੋਂ ਡਿਊਟੀ ਕਰਦਾ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਕੁਝ ਦਿਨਾਂ ਤੋਂ ਲੱਖ ਨਿਰੰਜਨ ਕੁਝ ਲੜਕਿਆਂ ਤੋਂ ਪਰੇਸ਼ਾਨ ਸੀ ਜੋ ਉਸਨੂੰ ਫਿਰ ਉਸ ਦਲਦਲ ਵਿੱਚ ਲਿਜਾਉਣ ਲਈ ਪਰੇਸ਼ਾਨ ਕਰ ਰਹੇ ਸਨ। 20 ਮਈ ਉਹ ਘਰ ਤੋਂ ਪਟਿਆਲਾ ਆਪਣੇ ਕੰਮ ‘ਤੇ ਗਿਆ ਸੀ ਪਰ ਸ਼ਾਮ ਸਮੇਂ ਉਸਦੀ ਮੌਤ ਦੀ ਖਬਰ ਆਈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨਾਂ ਨੂੰ ਸ਼ੱਕ ਹੈ ਕਿ ਉਸਦੇ ਲੜਕੇ ਦਾ ਕਤਲ ਕੀਤਾ ਗਿਆ ਹੈ,ਇਸ ਸਾਜਿਸ਼ ਵਿੱਚ ਸ਼ਾਮਲ ਕਥਿਤ ਦੋਸ਼ੀਆਂ ਖਿਲਾਫ ਜੇਕਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਇਨਸਾਫ ਲਈ ਪੁਲਿਸ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ।ਜਿਸਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਗੁਰਤੇਜ ਸਿੰਘ ਸੋਂਦੇਵਾਲ, ਅਵਤਾਰ ਸਿੰਘ ਪਿੰਡ ਦੇ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਚ ਲੋਕ ਹਾਜ਼ਰ ਸਨ।