ਯੂਰੀਆ ਖਾਦ ਦੀ ਅਣਅਧਿਕਾਰਿਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦਾ ਗਠਨ
ਯੂਰੀਆ ਖਾਦ ਦੀ ਅਣਅਧਿਕਾਰਿਤ ਵਰਤੋਂ ਰੋਕਣ ਲਈ ਜਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ
Publish Date: Thu, 07 May 2026 06:45 PM (IST)
Updated Date: Fri, 08 May 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਪਟਿਆਲਾ ’ਚ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਅਤੇ ਡਾਇਵਰਜ਼ਨ ਨੂੰ ਰੋਕਣ ਲਈ ਜਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ ਕੀਤਾ ਗਿਆ ਹੈ। ਇਸ ਟਾਸਕਫੋਰਸ ਵਿੱਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਮਾਲ ਅਫਸਰ ਤੇ ਐੱਸਪੀ ਹੈੱਡਕੁਆਰਟਰ ਨੂੰ ਸ਼ਾਮਲ ਕੀਤਾ ਗਿਆ ਹੈ। ਟਾਸਕ ਫੋਰਸ ਦਾ ਮੁੱਖ ਉਦੇਸ਼ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸਬਸਿਡੀਸ਼ੁਦਾ ਯੂਰੀਆ ਦੀ ਗੈਰ-ਖੇਤੀਬਾੜੀ ਕੰਮਾਂ ਵਿੱਚ ਹੋ ਰਹੀ ਵਰਤੋਂ ‘ਤੇ ਨਿਗਰਾਨੀ ਕਰਨਾ ਅਤੇ ਇਸ ਨੂੰ ਰੋਕਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਖੇਤੀਬਾੜੀ ਗਰੇਡ ਯੂਰੀਆ ‘ਤੇ ਵੱਡੇ ਪੱਧਰ ‘ਤੇ ਸਬਸਿਡੀ ਦਿੱਤੀ ਜਾਂਦੀ ਹੈ, ਤਾਂ ਜੋ ਕਿਸਾਨਾਂ ਨੂੰ ਖੇਤੀ ਲਈ ਖਾਦ ਵਾਜਿਬ ਕੀਮਤ ‘ਤੇ ਉਪਲਬਧ ਹੋ ਸਕੇ। ਪਰੰਤੂ ਕੁਝ ਉਦਯੋਗਾਂ ਅਤੇ ਇਕਾਈਆਂ ਵੱਲੋਂ ਇਸ ਯੂਰੀਆ ਦੀ ਵਰਤੋਂ ਫੀਡ ਤਿਆਰ ਕਰਨ, ਰੇਜਿਨ ਬਣਾਉਣ ਅਤੇ ਪਲਾਈਵੁੱਡ ਫੈਕਟਰੀਆਂ ਸਮੇਤ ਹੋਰ ਗੈਰ-ਖੇਤੀਬਾੜੀ ਕੰਮਾਂ ਲਈ ਕੀਤੀ ਜਾ ਰਹੀ ਹੈ। ਇਸ ਨਾਲ ਸਰਕਾਰ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਕਿਸਾਨਾਂ ਲਈ ਯੂਰੀਆ ਦੀ ਉਪਲਬਧਤਾ ਪ੍ਰਭਾਵਿਤ ਹੁੰਦੀ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਟਾਸਕਫੋਰਸ ਵੱਲੋਂ ਜਿਲ੍ਹੇ ਵਿੱਚ ਯੂਰੀਆ ਖਾਦ ਦੀ ਸਪਲਾਈ, ਸਟੋਰੇਜ ਅਤੇ ਵਰਤੋਂ ‘ਤੇ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਯੂਰੀਆ ਖਾਦ ਦੀ ਅਣਅਧਿਕਾਰਿਤ ਵਰਤੋਂ ਸਬੰਧੀ ਕੋਈ ਜਾਣਕਾਰੀ ਜਾਂ ਸ਼ਿਕਾਇਤ ਹੋਵੇ ਤਾਂ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਅਵਨਿੰਦਰ ਸਿੰਘ ਮਾਨ ਨਾਲ ਮੋਬਾਇਲ ਨੰਬਰ 80547-04471 ‘ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਫਰਟੀਲਾਇਜ਼ਰ ਕੰਟਰੋਲ ਐਕਟ 1985 ਅਧੀਨ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।