ਪਟਿਆਲਾ 'ਚ ਫੂਡ ਟੂਰੀਜ਼ਮ ਨੂੰ ਪਰਮੋਟ ਕੀਤਾ ਜਾਵੇਗਾ : ਡੀਸੀ
ਪਟਿਆਲਾ 'ਚ ਫੂਡ ਟੂਰੀਜ਼ਮ ਨੂੰ ਪਰਮੋਟ ਕੀਤਾ ਜਾਵੇਗਾ - ਡੀ ਸੀ
Publish Date: Tue, 12 May 2026 04:44 PM (IST)
Updated Date: Tue, 12 May 2026 04:45 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਫੂਡ ਸੇਫ਼ਟੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਦੌਰਾਨ ਪਟਿਆਲਾ ਵਿਚ ਫੂਡ ਟੂਰੀਜ਼ਮ ਨੂੰ ਵਿਕਸਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਫੂਡ ਸੇਫਟੀ ਵਿਭਾਗ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਯੋਜਨਾ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਮੀਟਿੰਗ ਦੌਰਾਨ ਡਾ. ਹਿਮਾਂਸ਼ੂ ਅਗਰਵਾਲ ਨੇ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਪਰੇਟਰਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਸਪਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾ. ਹਿਮਾਂਸ਼ੂ ਅਗਰਵਾਲ ਨੇ ਫੂਡ ਸੇਫ਼ਟੀ ਟੀਮ ਨੂੰ ਸ਼ਹਿਰ ਵਿਚ ਸਟ੍ਰੀਟ ਫੂਡ ਵੈਂਡਰਾਂ ਦੀ ਲਗਾਤਾਰ ਚੈਕਿੰਗ ਕਰਨ ਅਤੇ ਖਾਣ-ਪੀਣ ਵਾਲੀਆਂ ਵਸਤਾਂ ਵਿਚ ਵਰਤੇ ਜਾ ਰਹੇ ਪਾਣੀ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਉਣ ਲਈ ਕਿਹਾ, ਤਾਂ ਜੋ ਲੋਕਾਂ ਨੂੰ ਗੰਦੇ ਅਤੇ ਦੂਸ਼ਿਤ ਪਾਣੀ ਤੋਂ ਬਚਾਇਆ ਜਾ ਸਕੇ। ਡੀਸੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਰੇਹੜੀ-ਫੜੀ ਵਾਲਿਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਮੀਟਿੰਗ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਫੂਡ ਸੇਫ਼ਟੀ ਵਿਭਾਗ ਵੱਲੋਂ “ਈਟ ਰਾਈਟ ਕੈਂਪਸ”, “ਈਟ ਰਾਈਟ ਸਕੂਲ” ਅਤੇ “ਈਟ ਰਾਈਟ ਸਟੇਸ਼ਨ” ਪ੍ਰੋਗਰਾਮਾਂ ਤਹਿਤ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਕੂਲਾਂ, ਕੈਂਪਾਂ ਅਤੇ ਸਰਕਾਰੀ ਥਾਵਾਂ ‘ਤੇ ਜਾਗਰੂਕਤਾ ਸੈਸ਼ਨ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ “ਫੂਡ ਸੇਫਟੀ ਔਨ ਵਹੀਲਸ” ਮੁਹਿੰਮ ਤਹਿਤ 168 ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ 7 ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਗੁਰਪ੍ਰੀਤ ਕੌਰ, ਸਿਹਤ ਅਫ਼ਸਰ ਗੌਰਵ ਕੁਮਾਰ, ਤਰੁਣ ਬਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।