ਡੀਏਵੀ ਸਕੂਲ ਪਟਿਆਲਾ ਵਿਖੇ ਇੰਟਰ-ਸਕੂਲ ਵਰਕਸ਼ਾਪ ਲਗਾਈ
ਡੀਏਵੀ ਸਕੂਲ ਪਟਿਆਲਾ ਵਿਖੇ ਇੰਟਰ-ਸਕੂਲ ਵਰਕਸ਼ਾਪਾਂ ਦਾ ਆਯੋਜਨ
Publish Date: Mon, 13 Oct 2025 04:44 PM (IST)
Updated Date: Mon, 13 Oct 2025 04:47 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਨੇ ਪਟਿਆਲਾ ਪੰਜਾਬ ਕਲੱਸਟਰ ਦੇ ਅਧੀਨ ਅਧਿਆਪਕਾਂ ਲਈ ਵਿਸ਼ਾ-ਅਧਾਰਤ ਇੰਟਰ-ਸਕੂਲ ਵਰਕਸ਼ਾਪ ਲਗਾਈ ਗਈ। ਲਗਭਗ 200 ਅਧਿਆਪਕਾਂ ਨੇ ਇਨ੍ਹਾਂ ਵਰਕਸ਼ਾਪਾਂ ਵਿਚ ਭਾਗ ਲਿਆ, ਜਿਨ੍ਹਾਂ ਦਾ ਉਦੇਸ਼ ਵਿਸ਼ੇ ਦੀ ਮਹਿਰਤਾ ਵਿਚ ਨਿਖਾਰ ਲਿਆਉਣਾ ਅਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚਕਾਰ ਸਹਿਯੋਗੀ ਸਿੱਖਣ ਨੂੰ ਉਤਸ਼ਾਹਿਤ ਕਰਨਾ ਸੀ। ਇਹ ਵਰਕਸ਼ਾਪਾਂ ਵਿਗਿਆਨ, ਸਮਾਜਿਕ ਵਿਗਿਆਨ, ਅੰਗਰੇਜ਼ੀ, ਪੰਜਾਬੀ, ਹਿੰਦੀ, ਅਰਥਸ਼ਾਸਤਰ, ਗਣਿਤ, ਆਈਸੀਟੀ, ਬਿਜ਼ਨਸ ਸਟਡੀਜ਼ ਅਤੇ ਈਈਡੀਪੀ ਵਰਗੇ ਮੁੱਖ ਵਿਸ਼ਿਆਂ ਵਿਚ ਕਰਵਾਈਆਂ ਗਈਆਂ। ਵਰਕਸ਼ਾਪਾਂ ਵਿਚ ਨਵੀਨ ਪੈਡਾਗੌਜੀਕਲ ਤਰੀਕਿਆਂ, ਭਾਸ਼ਾਈ ਹੁਨਰ ਵਿਕਾਸ, ਕਲਾਸਰੂਮ ਐਂਗੇਜਮੈਂਟ, ਅਤੇ ਭਾਸ਼ਾ ਸਿੱਖਣ ਵਿੱਚ ਟੈਕਨਾਲੋਜੀ ਦੇ ਇਨਟੇਗਰੇਸ਼ਨ ’ਤੇ ਜ਼ੋਰ ਦਿੱਤਾ ਗਿਆ। ਇਸਦੇ ਨਾਲ-ਨਾਲ, ਨਵੀਂ ਸਿੱਖਿਆ ਨੀਤੀ ਅਨੁਸਾਰ ਅਨੁਭਵਾਤਮਕ ਸਿੱਖਿਆ ਅਤੇ ਅਸੈੱਸਮੈਂਟ ਵਿਧੀਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ। 36 ਮਾਸਟਰ ਟਰੇਨਰ ਅਤੇ ਰਿਸੋਰਸ ਪਰਸਨਜ਼ ਨੇ ਵਰਕਸ਼ਾਪਾਂ ਦੀ ਅਗਵਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਅਤੇ ਡੀ.ਏ.ਵੀ. ਸਕੂਲਾਂ ਦੇ ਪਟਿਆਲਾ ਪੰਜਾਬ ਕਲੱਸਟਰ ਹੈੱਡ ਵਿਵੇਕ ਤਿਵਾਰੀ ਨੇ ਸਵਾਗਤ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰੋਫੈਸ਼ਨਲ ਡਿਵੈਲਪਮੈਂਟ ਵਰਕਸ਼ਾਪਾਂ ਅਧਿਆਪਕਾਂ ਨੂੰ ਨਵੇਂ ਵਿਸ਼ੇਸ਼ ਗਿਆਨ ਅਤੇ ਅਧਿਆਪਨ ਤਰੀਕਿਆਂ ਨਾਲ ਲੈਸ ਕਰਦੀਆਂ ਹਨ, ਜਿਸ ਨਾਲ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਹਮੇਸ਼ਾਂ ਗਤੀਸ਼ੀਲ ਅਤੇ ਪ੍ਰਭਾਵਸ਼ਾਲੀ ਬਣੀ ਰਹਿੰਦੀ ਹੈ। ਪਟਿਆਲਾ, ਨਾਭਾ, ਮਲੇਰਕੋਟਲਾ, ਚਨਾਰਥਲ ਖੁਰਦ ਅਤੇ ਘੱਗਾ ਦੇ ਡੀ.ਏ.ਵੀ. ਸਕੂਲਾਂ ਦੇ ਪ੍ਰਿੰਸੀਪਲ ਵੀ ਵਰਕਸ਼ਾਪਾਂ ਵਿੱਚ ਪਰਵੇਖਕ ਅਤੇ ਮਾਰਗਦਰਸ਼ਕ ਵਜੋਂ ਸ਼ਾਮਿਲ ਹੋਏ। ਸਮਾਗਮ ਦਾ ਸੁਚੱਜਾ ਪ੍ਰਬੰਧ ਮਿਸ ਪ੍ਰਿਆ ਕਪੂਰ (ਇੰਚਾਰਜ) ਅਤੇ ਮਿਸ ਕਮਿਨੀ ਸ਼ਰਮਾ ਨੇ ਆਪਣੇ ਅਧਿਆਪਕ ਟੀਮ ਦੇ ਨਾਲ ਮਿਲ ਕੇ ਸਕੂਲ ਪ੍ਰਿੰਸੀਪਲ ਵਿਵੇਕ ਤਿਵਾਰੀ ਦੀ ਅਗਵਾਈ ਹੇਠ ਕੀਤਾ। ਸਭ ਅਧਿਆਪਕਾਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। ਇਹ ਵਰਕਸ਼ਾਪਾਂ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੀ ਸਿੱਖਿਆ ਵਿੱਚ ਨਿਰੰਤਰ ਨਵੀਨਤਾ ਅਤੇ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।