ਐਡਵੋਕੇਟ ਦਲੀਪ ਵਾਸਨ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਉੱਘੇ ਲੇਖਕ ਐਡਵੋਕੇਟ ਦਲੀਪ ਸਿੰਘ ਵਾਸਨ ਦੇ ਦਿਹਾਂਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ
Publish Date: Tue, 28 Apr 2026 04:25 PM (IST)
Updated Date: Tue, 28 Apr 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੰਜਾਬੀ ਦੇ ਉੱਘੇ ਲੇਖਕ ਐਡਵੋਕੇਟ ਦਲੀਪ ਸਿੰਘ ਵਾਸਨ ਦੇ ਦੇਹਾਂਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਮਾਂ ਬੋਲੀ ਪੰਜਾਬੀ ਦੇ ਨਿਸ਼ਕਾਮ ਸੇਵਕ ਸਨ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਮਿਆਰੀ ਕਿਸਮ ਦੀ ਸਾਹਿਤ ਸਿਰਜਣਾ ਕਰਕੇ ਸਾਹਿਤ ਦੇ ਖ਼ਜ਼ਾਨੇ ਨੂੰ ਅਮੀਰ ਬਣਾਇਆ। ਡਾ. ‘ਆਸ਼ਟ’ ਨੇ ਦੱਸਿਆ ਕਿ ਉਨ੍ਹਾਂ ਨੇ ਨਵੀਂ ਪੀੜ੍ਹੀ ਲਈ ਕਿੱਤਾ ਚੋਣ, ਇੰਟਰਵਿਊ ਦੇਣ ਦੀ ਤਿਆਰੀ ਤੇ ਮੁਲਾਜ਼ਮ ਵਰਗ ਲਈ ਸਜ਼ਾ ਅਤੇ ਅਪੀਲ ਨਿਯਮਾਂ ਨਾਲ ਸਬੰਧਤ ਪੁਸਤਕਾਂ ਲਿਖੀਆਂ। ‘ਸੋਢੀਆਂ ਦਾ ਫਾਰਮ’ (1978) ਅਤੇ ‘ਹੜਤਾਲ’ (1982) ਸਮਾਜਿਕ ਵਲਾਂ ਤੋਂ ਇਲਾਵਾ ‘ਪੰਜਾਬੀਆਂ ਦਾ ਰਹਿਣ-ਸਹਿਣ’, ‘ਆਤਮ-ਵਿਸ਼ਵਾਸ’ ਅਤੇ ‘ਆਪਣੀ ਕਿਸਮਤ ਆਪ ਉਲੀਕੋ’ ਆਦਿ ਪੁਸਤਕਾਂ ਲਿਖੀਆਂ, ਉਹ ਲੰਮਾਂ ਸਮਾਂ ਪਟਿਆਲਾ ਵਿਖੇ ਸਹਾਇਕ ਰੁਜ਼ਗਾਰ ਅਫ਼ਸਰ ਤੇ ਪੰਜਾਬੀ ਸਾਹਿਤ ਸਭਾ ਦੇ ਕਾਨੂੰਨੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਜ਼ਿਕਰਯੋਗ ਹੈ ਕਿ ਐਡਵੋਕੇਟ ਵਾਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਾਇਰੈਕਟਰ, ਲੋਕ ਸੰਪਰਕ ਡਾ. ਗੁਰਮੀਤ ਸਿੰਘ ਮਾਨ ਦੇ ਸਹੁਰਾ ਸਾਹਿਬ ਸਨ। ਸਭਾ ਦੀ ਕਾਰਜਕਾਰਨੀ ਦੀ ਅੱਜ ਦੀ ਸ਼ੋਕ ਇਕੱਤਰਤਾ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਤੋਂ ਇਲਾਵਾ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਨਵਦੀਪ ਸਿੰਘ ਮੁੰਡੀ ਆਦਿ ਲੇਖਕ ਵੀ ਸ਼ਾਮਲ ਸਨ।