ਸਾਈਕਲਿੰਗ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਕਮਰ ਕਸੀ: ਰੱਖੜਾ
ਸਾਈਕਲਿੰਗ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਕਮਰ ਕਸੀ: ਪ੍ਰਧਾਨ ਚਰਨਜੀਤ ਰੱਖੜਾ
Publish Date: Sun, 10 May 2026 04:47 PM (IST)
Updated Date: Sun, 10 May 2026 04:48 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੂਰਯਾ ਕੰਪਲੈਕਸ ਸਥਿਤ ਦਫ਼ਤਰ ਵਿਖੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਰੱਖੜਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਵਿਚ ਸਾਈਕਲਿੰਗ ਖੇਡ ਨੂੰ ਨਵੇਂ ਯੁੱਗ ’ਚ ਲੈ ਜਾਣ ਲਈ ਵਿਸਤ੍ਰਿਤ ਰੋਡਮੈਪ ਜਾਰੀ ਕੀਤਾ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਲੋਗੋ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਮੂਲ ਮਕਸਦ ਸਿਰਫ ਖੇਡ ਨੂੰ ਘਰ ਕਰਨਾ ਨਹੀਂ, ਸਗੋਂ ਇਸ ਨੂੰ ਵਿਸ਼ਵ ਪੱਧਰ ਦੀ ਮੁਕਾਬਲੇਬਾਜ਼ ਖੇਡ ਬਣਾਉਣਾ ਹੈ। ਪ੍ਰਧਾਨ ਚਰਨਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਟੈਲੈਂਟ ਹੰਟ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਪਿੰਡਾਂ ’ਚੋਂ ਉਭਰਦੇ ਖਿਡਾਰੀਆਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਵਿਚ ਅਧੁਨਿਕ ਸਹੂਲਤਾਂ ਨਾਲ ਲੈਸ ਸਾਈਕਲਿੰਗ ਅਕੈਡਮੀਆਂ ਸਥਾਪਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿੱਥੇ ਖਿਡਾਰੀਆਂ ਨੂੰ ਕੋਚਿੰਗ ਦੇ ਨਾਲ ਨਾਲ ਸੰਤੁਲਿਤ ਖੁਰਾਕ, ਰਹਿਣ ਦੀ ਸਹੂਲਤ ਅਤੇ ਉੱਚ ਗੁਣਵੱਤਾ ਵਾਲਾ ਸਾਜੋ-ਸਮਾਨ ਪ੍ਰਦਾਨ ਕੀਤਾ ਜਾਵੇਗਾ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸੀਏਪੀ ਵੱਲੋਂ ਪੰਜਾਬ ਸਾਈਕਲਿੰਗ ਲੀਗ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ’ਚ ਨਕਦ ਇਨਾਮਾਂ ਦੇ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮਿਲੇਗਾ। ਇਸ ਤੋਂ ਇਲਾਵਾ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦਾ ਇਕ ਸਪਸ਼ਟ ਅਤੇ ਸਾਲਾਨਾ ਕੈਲੰਡਰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਹਾਈ-ਪਰਫਾਰਮੈਂਸ ਟ੍ਰੇਨਿੰਗ ਲਈ ਵਿਗਿਆਨਕ ਤਰੀਕਿਆਂ ਨੂੰ ਅਪਣਾਇਆ ਜਾਵੇਗਾ। ਇਸ ਮੌਕੇ ਪੰਜਾਬ ਦੇ ਸਾਰੇ ਕੋਚਾਂ ਨਾਲ ਵੀ ਵਿਚਾਰ ਵਟਾਂਦਰੇ ਕੀਤੇ ਗਏ ।ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮਜ਼ਬੂਤ ਪ੍ਰਬੰਧਨ, ਆਧੁਨਿਕ ਟ੍ਰੇਨਿੰਗ ਅਤੇ ਗ੍ਰਾਸਰੂਟ ਪੱਧਰ ਦੇ ਵਿਕਾਸ ਨਾਲ ਪੰਜਾਬ ਜਲਦ ਹੀ ਸਾਈਕਲਿੰਗ ’ਚ ਦੁਬਾਰਾ ਆਪਣੀ ਵਿਲੱਖਣ ਪਛਾਣ ਬਣਾਵੇਗਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਯੁਕਤ ਸਕੱਤਰ ਸੁਖਜਿੰਦਰ ਸਿੰਘ, ਖ਼ਜ਼ਾਨਚੀ ਬੀ ਐੱਸ ਸੂਦਨ, ਉਪ ਪ੍ਰਧਾਨ ਬਾਵਾ ਸਿੰਘ, ਸੰਯੁਕਤ ਸਕੱਤਰ ਸਤਵਿੰਦਰ ਸਿੰਘ, ਸਰਪ੍ਰੀਤ ਸਿੰਘ ਸੁਖਵਿੰਦਰ ਸਿੰਘ, ਹਰਪ੍ਰੀਤ ਕੌਰ ,ਮੋਹਿਤ ਕੁਮਾਰ, ਪਰਮਵੀਰ ਸਿੰਘ ਗਰੇਵਾਲ ਭੁਪਿੰਦਰ ਕੁਮਾਰ,ਗੁਰਪ੍ਰੀਤ ਕੌਰ ਖਿਡਾਰੀ,ਕੋਚ ਅਤੇ ਖੇਡ ਪ੍ਰੇਮੀ ਸਮੇਤ ਅਹੁਦੇਦਾਰ ਹਾਜ਼ਰ ਸਨ।