11 ਦਿਨਾਂ ਬਾਅਦ ਹੋਇਆ ਜਗਰੂਪ ਦਾ ਪੋਸਟਮਾਰਟਮ
11 ਦਿਨਾਂ ਬਾਅਦ ਹੋਇਆ ਜਗਰੂਪ ਸਿੰਘ ਦਾ ਪੋਸਟਮਾਰਟਮ
Publish Date: Fri, 08 May 2026 06:47 PM (IST)
Updated Date: Sat, 09 May 2026 04:09 AM (IST)

- ਵਾਰਸਾਂ ਤੇ ਪਿੰਡ ਵਾਸੀਆਂ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ; ਹੁਣ ਨਗਰ ਕੌਂਸਲ ਰਾਜਪੁਰਾ ਕਰੇਗੀ ਸੰਸਕਾਰ ਕਰਮਵੀਰ ਸਿੰਘ ਮਰਦਾਂਪੁਰ, •ਪੰਜਾਬੀ ਜਾਗਰਣ• ਘਨੌਰ : ਸ਼ੰਭੂ ਰੇਲਵੇ ਲਾਈਨ ’ਤੇ 27 ਅਪ੍ਰੈਲ ਨੂੰ ਹੋਏ ਧਮਾਕੇ ’ਚ ਮਾਰੇ ਗਏ ਜਗਰੂਪ ਸਿੰਘ ਦਾ ਆਖ਼ਰਕਾਰ 11 ਦਿਨਾਂ ਬਾਅਦ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਮਾਮਲਾ ਪ੍ਰਸ਼ਾਸਨਿਕ ਤੇ ਕਾਨੂੰਨੀ ਉਲਝਣਾਂ ਕਾਰਨ ਅਟਕਿਆ ਹੋਇਆ ਸੀ, ਜਿਸ ਕਾਰਨ ਮ੍ਰਿਤਕ ਦੀ ਦੇਹ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਪਈ ਹੋਈ ਸੀ। ਏ.ਪੀ. ਜੈਨ ਸਰਕਾਰੀ ਸਿਵਲ ਹਸਪਤਾਲ ਦੇ ਈ.ਐੱਮ.ਓ. ਡਾ. ਜਤਿੰਦਰਬੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਬ ਧਮਾਕੇ ’ਚ ਮਾਰੇ ਗਏ ਜਗਰੂਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਨਗਰ ਕੌਂਸਲ ਰਾਜਪੁਰਾ ਦੇ ਸਬੰਧਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਸਬੰਧੀ ਨਗਰ ਕੌਂਸਲ ਰਾਜਪੁਰਾ ਦੇ ਅਧਿਕਾਰੀ ਵਿਕਾਸ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਵਾਰਸਾਂ ਤੇ ਪਿੰਡ ਵਾਸੀਆਂ ਵੱਲੋਂ ਲਿਜਾਣ ਤੋਂ ਇਨਕਾਰ ਕਰਨ ਕਾਰਨ ਹੁਣ ਲਾਸ਼ ਦਾ ਅੰਤਿਮ ਸੰਸਕਾਰ ਨਗਰ ਕੌਂਸਲ ਰਾਜਪੁਰਾ ਵੱਲੋਂ ਕੀਤਾ ਜਾਵੇਗਾ। ਜੀ.ਆਰ.ਪੀ. ਰੇਲਵੇ ਸ਼ੰਭੂ ਦੇ ਅਧਿਕਾਰੀਆਂ ਵੱਲੋਂ ਨਗਰ ਕੌਂਸਲ ਨੂੰ ਇਤਲਾਹ ਦਿੱਤੀ ਗਈ ਸੀ ਕਿ 28 ਅਪ੍ਰੈਲ ਤੋਂ ਮ੍ਰਿਤਕ ਦੀ ਲਾਸ਼ ਰਾਜਪੁਰਾ ਦੇ ਮੁਰਦਾਘਰ ’ਚ ਪਈ ਹੋਈ ਹੈ। ਮੈਡੀਕਲ ਬੋਰਡ ਤੇ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹੁਣ ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।