70 ਸਾਲਾ ਬਜ਼ੁਰਗ ’ਤੇ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ
70 ਸਾਲਾ ਬਜ਼ੁਰਗ ਉੱਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ,
Publish Date: Sat, 13 Dec 2025 07:38 PM (IST)
Updated Date: Sun, 14 Dec 2025 04:10 AM (IST)

ਬਜ਼ੁਰਗ ਚੰਡੀਗੜ੍ਹ ਸੈਕਟਰ-32 ਹਸਪਤਾਲ ’ਚ ਜ਼ੇਰੇ ਇਲਾਜ ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ: ਪਿੰਡ ਗਦੋ ਮਾਜਰਾ ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਇੱਕ 70 ਸਾਲਾ ਬਜ਼ੁਰਗ ’ਤੇ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਅਣਪਛਾਤੇ ਨੌਜਵਾਨ ਗੋਲੀਆਂ ਮਾਰ ਕੇ ਫਰਾਰ ਹੋ ਗਏ, ਜਿਸ ’ਤੇ ਬਜ਼ੁਰਗ ਨੂੰ ਇਲਾਜ ਲਈ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਪੁਲਿਸ ਨੇ 3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਰਸ਼ਨ ਸਿੰਘ (70) ਵਾਸੀ ਪਿੰਡ ਗੱਦੋ ਮਾਜਰਾ ਜਦੋਂ ਪਿੰਡ ਤੋਂ ਕਰੀਬ ਇਕ ਕਿਲੋਮੀਟਰ ਦੂਰ ਪੈਂਦੇ ਮੱਜਾ ਦੇ ਵਾੜੇ ਦੇ ਬਾਹਰ ਖੜ੍ਹਾ ਸੀ ਤਾਂ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ’ਤੇ ਕੱਪੜੇ ਬੰਨ੍ਹੇ ਹੋਏ ਸਨ। ਨੌਜਵਾਨਾਂ ਨੇ ਬਜ਼ੁਰਗ ਨੂੰ ਪੁੱਛਿਆ ਕਿ ਦਰਸ਼ਨ ਸਿੰਘ ਕਿਸ ਦਾ ਨਾਂ ਹੈ, ਜਿਸ ’ਤੇ ਜਦੋਂ ਉਸ ਨੇ ਕਿਹਾ ਕਿ ਦਰਸ਼ਨ ਸਿੰਘ ਉਹ ਹੀ ਹੈ ਤਾਂ ਨੌਜਵਾਨਾਂ ਨੇ ਬਜ਼ੁਰਗ ਦੇ ਢਿੱਡ ’ਚ ਗੋਲੀਆਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ’ਤੇ ਗੰਭੀਰ ਜ਼ਖਮੀ ਹਾਲਤ ’ਚ ਬਜ਼ੁਰਗ ਵਿਅਕਤੀ ਦੇ ਲੜਕੇ ਤਰਸੇਮ ਸਿੰਘ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ, ਜਿੱਥੇ ਦਰਸ਼ਨ ਸਿੰਘ ਜ਼ੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਕੇਸ ਦੀ ਤਫਤੀਸ਼ ਕਰ ਰਹੇ ਏਐੱਸਆਈ ਰੋਸ਼ਨ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਦਰਸ਼ਨ ਸਿੰਘ ਦੇ ਦੱਸਣ ਮੁਤਾਬਕ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਤੇ ਉਸ ਦਾ ਇੱਕ ਲੜਕਾ ਅਮਰੀਕਾ ’ਚ ਰਹਿੰਦਾ ਹੈ। ਥਾਣਾ ਸਦਰ ਪੁਲਿਸ ਨੇ ਉਕਤ ਮਾਮਲੇ ’ਚ 3 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।