ਪੰਜ ਰੋਜ਼ਾ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ
ਫੁੱਲਕਾਰੀ ਕਢਾਈ ਅਤੇ ਸਾਬਣ-ਸਰਫ ਬਣਾਉਣ ਬਾਰੇ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ
Publish Date: Thu, 30 Apr 2026 05:12 PM (IST)
Updated Date: Thu, 30 Apr 2026 05:16 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ 28 ਮਈ ਤੱਕ ਫੁੱਲਕਾਰੀ ਕਢਾਈ ਦੀ ਬਹੁਭਾਂਤੀ ਵਰਤੋਂ ਅਤੇ ਸਾਬਣ-ਸਰਫ ਬਣਾਉਣ ਬਾਰੇ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿਚ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਪਿੰਡਾਂ ਤੋਂ 48 ਪੇਂਡੂ ਔਰਤਾਂ, ਲੜਕੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ। ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੱਪੜਿਆਂ ਦੀ ਸਾਜ-ਸਜਾਵਟ ਲਈ ਫੁਲਕਾਰੀ ਕਢਾਈ ਕੱਢਣ ਦੇ ਗੁਰ ਦੱਸੇ ਅਤੇ ਵੱਖ-ਵੱਖ ਸਜਾਵਟੀ ਸਮਾਨ ਜਿਵੇਂ ਕਿ ਦੁਪੱਟੇ, ਪੋਟਲੀ ਪਰਸ, ਬਟੂਆ ਅਤੇ ਸੀਨਰੀਆਂ ਬਣਾਉਣ ਦੀ ਤਕਨੀਕੀ ਜਾਣਕਾਰੀ ਦਿੱਤੀ। ਘਰ ਵਿਚ ਸਾਬਣ ਅਤੇ ਸਰਫ ਬਣਾਉਣ ਬਾਰੇ ਵੀ ਸਿਖਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਸਿੱਖਿਆ। ਸਿਖਲਾਈ ਦੌਰਾਨ ਸਫਲ ਸਿਖਿਆਰਥਣਾਂ ਸੁਮਨ ਕੌਸ਼ਿਕ (ਹਾਰਵੇ ਸੈਲਫ-ਹੈਲਪ ਗਰੁੱਪ) ਅਤੇ ਸ੍ਰੀਮਤੀ ਭਿੰਦਰ ਕੌਰ (ਏਕਤਾ ਸੈਲਫ ਹੈਲਪ ਗਰੁੱਪ) ਨੇ ਨੇ ਸਵੈ-ਸਮੂਹਾਂ ਦੇ ਸ਼ਕਤੀਕਰਣ ਬਾਰੇ ਪ੍ਰੇਰਿਤ ਭਾਸ਼ਣ ਦਿੱਤਾ ਅਤੇ ਆਰਥਿਕ ਆਤਮ-ਨਿਰਭਰਤਾ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਔਰਤਾਂ ਨੂੰ ਘਰੇਲੂ ਬਗੀਚੀ ਅਤੇ ਫ਼ਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਦੱਸਿਆ । ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਘਰ ਵਿੱਚ ਫ਼ਲਾਂ ਸਬਜ਼ੀਆਂ ਦੀ ਸਾਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੇ ਅਖੀਰਲੇ ਦਿਨ ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਕਿਸਾਨ ਬੀਬੀਆਂ ਨੂੰ ਆਪਣਾ ਹੁਨਰ ਪਛਾਣ ਕੇ ਪੰਜਾਬ ਦੀ ਦਸਤਕਾਰੀ ਜਿਵੇਂ ਕਿ ਫੁਲਕਾਰੀ, ਕਰੋਸ਼ੀਆ, ਹੱਥ ਦੀ ਬੁਣਾਈ ਆਦਿ ਕੰਮਾਂ ਨੂੰ ਵਪਾਰਕ ਪੱਧਰ ਤੇ ਤੋਰਣ ਲਈ ਪ੍ਰੇਰਿਤ ਕੀਤਾ।