ਮੱਕੀ ਦੀ ਕਾਸ਼ਤ: ਪਾਣੀ ਬਚੇਗਾ, ਆਮਦਨ ਵਧੇਗੀ
ਮੱਕੀ ਦੀ ਕਾਸ਼ਤ: ਪਾਣੀ ਬਚੇਗਾ, ਆਮਦਨ ਵਧੇਗੀ
Publish Date: Thu, 07 May 2026 04:17 PM (IST)
Updated Date: Fri, 08 May 2026 04:05 AM (IST)

ਖੇਤੀਬਾੜੀ ਵਿਭਾਗ ਮੱਕੀ ਲਾਉਣ ਵਾਲੇ ਕਿਸਾਨ ਨੂੰ ਦੇਵੇਗਾ 17 ਹਜ਼ਾਰ ਰੁਪਏ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਖੇਤੀਬਾੜੀ ਵਿਭਾਗ ਜ਼ਿਲ੍ਹਾ ਸੰਗਰੂਰ ਵੱਲੋਂ ਕਿਸਾਨਾਂ ਨੂੰ ਡਿੱਗਦੇ ਪਾਣੀ ਦੇ ਪੱਧਰ ਦੀ ਸੰਭਾਲ ਲਈ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਵਿਚ ਇਸਦਾ ਵਰਤੋਂ ਪਸ਼ੂ ਚਾਰੇ ਵਜੋਂ ਵੀ ਵੱਧ ਰਿਹਾ ਹੈ। ਕਿਸਾਨਾਂ ਦੇ ਮੁਤਾਬਕ ਹਰੇ ਚਾਰੇ ਦੀ ਥਾਂ ਮੱਕੀ ਨੂੰ ਕੱਟ ਕੇ ਇਸਦਾ ਅਚਾਰ ਤਿਆਰ ਕੀਤਾ ਜਾਂਦਾ ਹੈ, ਜਿਸਨੂੰ ਸਾਲ ਭਰ ਸਟੋਰ ਕਰ ਸਕਦੇ ਹਨ। ਇਸ ਨਾਲ ਪਸ਼ੂਆਂ ਲਈ ਵੱਖਰੇ ਤੌਰ ’ਤੇ ਹਰਾ ਚਾਰਾ ਉਗਾਉਣ ਦੀ ਲੋੜ ਨਹੀਂ ਰਹਿੰਦੀ। ਪਿਛਲੇ ਸਾਲ ਵੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੱਕੀ ਦਾ ਅਚਾਰ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ ਸੀ। ਜਿਸਤੋਂ ਪ੍ਰਭਾਵਿਤ ਹੋਏ ਕਈ ਕਿਸਾਨਾਂ ਨੇ ਮੱਕੀ ਦੀ ਕਾਸ਼ਤ ਕਰਕੇ ਅਚਾਰ ਤਿਆਰ ਕੀਤਾ ਅਤੇ ਉਸਦੀ ਵਿਕਰੀ ਕਰਕੇ ਚੰਗੀ ਆਮਦਨ ਵੀ ਹਾਸਲ ਕੀਤੀ। ਇਸ ਵਾਰ ਵੀ ਕਿਸਾਨ ਖੇਤਾਂ ਦੀ ਵਾਹੀ ਕਰਕੇ ਮੱਕੀ ਦੀ ਬਿਜਾਈ ਕਰ ਰਹੇ ਹਨ। ਇਸ ਦਾ ਮੁੱਖ ਮਕਸਦ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ, ਖੇਤੀ ਦੀ ਲਾਗਤ ਘਟਾਉਣਾ ਅਤੇ ਪਾਣੀ ਦੀ ਬਚਤ ਕਰਨਾ ਹੈ। ਇਸ ਸਾਲ ਜ਼ਿਲ੍ਹੇ ਵਿੱਚ 650 ਹੈਕਟੇਅਰ ਵਿੱਚ ਮੱਕੀ ਦੀ ਕਾਸ਼ਤ ਦਾ ਟੀਚਾ ਰੱਖਿਆ ਗਿਆ ਹੈ, ਜਦਕਿ ਪਿਛਲੇ ਸਾਲ 757 ਹੈਕਟੇਅਰ ਵਿੱਚ ਮੱਕੀ ਬੀਜੀ ਗਈ ਸੀ। ਪਿਛਲੇ ਤਿੰਨ ਸਾਲ ਤੋ ਕਰ ਰਹੇ ਹਾਂ ਮੱਕੀ ਦੀ ਕਾਸ਼ਤ:ਹਾਕਮ ਸਿੰਘ ਪਿੰਡ ਬਡਰੁੱਖਾਂ ਦੇ ਕਿਸਾਨ ਚਰਨਜੀਤ ਸਿੰਘ ਅਤੇ ਹਾਕਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮੱਕੀ ਦੀ ਕਾਸ਼ਤ ਕਰ ਰਹੇ ਹਨ। ਇਹ ਪਸ਼ੂਆਂ ਲਈ ਬਹੁਤ ਫਾਇਦਾਮੰਦ ਹੈ। ਮੱਕੀ ਉਗਾਉਣ ਨਾਲ ਉਨ੍ਹਾਂ ਦਾ ਤੂੜੀ, ਖੱਲ ਅਤੇ ਹਰੇ ਚਾਰੇ ‘ਤੇ ਹੋਣ ਵਾਲਾ ਖਰਚ ਘਟਿਆ ਹੈ। ਇਸ ਵਾਰ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਮਸ਼ੀਨਰੀ ਰਾਹੀਂ ਮੱਕੀ ਦੀ ਬਿਜਾਈ ਕੀਤੀ ਹੈ ਅਤੇ ਲਗਭਗ ਦੋ ਏਕੜ ਵਿੱਚ ਕਾਸ਼ਤ ਕੀਤੀ ਹੈ। ਮੱਕੀ ਦੀ ਕਟਾਈ ਤੋਂ ਬਾਅਦ ਉਸੇ ਖੇਤ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਵੇਗੀ, ਇਸ ਤਰ੍ਹਾਂ ਸਾਲ ਵਿੱਚ ਤਿੰਨ ਫਸਲਾਂ ਲਈਆਂ ਜਾ ਰਹੀਆਂ ਹਨ। ਮੱਕੀ ਲਾਉਣ ਤੇ 17 ਹਜ਼ਾਰ ਦੀ ਪ੍ਰੋਤਸਾਹਨ ਰਕਮ: ਵਿਭਾਗ ਯੋਜਨਾ ਅਧੀਨ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ, ਜੋ ਦੋ ਕਿਸ਼ਤਾਂ ਵਿੱਚ ਮਿਲੇਗੀ। ਇੱਕ 9500 ਰੁਪਏ ਅਤੇ ਦੂਜੀ 7500 ਰੁਪਏ ਹੋਵੇਗੀ। ਸਮੂਹ ਅਰਜ਼ੀਆਂ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ 10 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਕੇਵਲ ਉਹਨਾਂ ਕਿਸਾਨਾਂ ਦੀ ਹੋਵੇਗੀ ਜਿਨ੍ਹਾਂ ਨੇ ਪਿਛਲੇ ਸਾਲ ਝੋਨੇ ਦੀ ਬਿਜਾਈ ਕੀਤੀ ਸੀ ਜਾਂ ਜਿਨ੍ਹਾਂ ਨੇ ਮੱਕੀ ਦੀ ਬਿਜਾਈ ਲਈ ਸਰਕਾਰੀ ਲਾਭ ਨਹੀਂ ਲਿਆ। ਇਹ ਕਿਸਾਨਾਂ ਲਈ ਸੁਨਹਿਰਾ ਮੌਕਾ:ਡਾ. ਇੰਦਰਜੀਤ ਸਿੰਘ ਖੇਤੀਬਾੜੀ ਅਧਿਕਾਰੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਸਾਲ ਵੀ ਧਾਨ ਦੀ ਥਾਂ ਮੱਕੀ ਦੀ ਕਾਸ਼ਤ ਕਰਨ ਲਈ ਕਿਸਾਨਾਂ ਵਿੱਚ ਉਤਸ਼ਾਹ ਹੈ। ਮੱਕੀ ਦੀ ਬਿਜਾਈ 15 ਜੂਨ ਤੋਂ 31 ਜੁਲਾਈ ਤੱਕ ਕੀਤੀ ਜਾਵੇਗੀ ਅਤੇ ਇਸ ਨੂੰ ਪੱਕਣ ਲਈ ਲਗਭਗ 90 ਤੋਂ 110 ਦਿਨ ਲੱਗਦੇ ਹਨ। ਇਹ ਕਿਸਾਨਾਂ ਲਈ ਇਕ ਸੁਨਹਿਰਾ ਮੌਕਾ ਹੈ। ਕਿਸਾਨ ਮੱਕੀ ਦੀ ਕਟਾਈ ਕਰਕੇ ਅਚਾਰ ਤਿਆਰ ਕਰ ਸਕਦੇ ਹਨ ਅਤੇ ਇਸਦੀ ਵਿਕਰੀ ਕਰਕੇ ਵਧੀਆ ਆਮਦਨ ਕਮਾ ਸਕਦੇ ਹਨ।