ਉਸਾਰੀ ਕਾਮਿਆਂ ਨੇ ਮੰਗਾਂ ਸਬੰਧੀ ਲਾਇਆ ਧਰਨਾ, ਨਾਅਰੇਬਾਜ਼ੀ ਕੀਤੀ
ਉਸਾਰੀ ਕਾਮਿਆਂ ਨੇ ਮੰਗਾਂ ਸੰਬੰਧੀ ਲਾਇਆ ਧਰਨਾ, ਨਾਅਰੇਬਾਜ਼ੀ ਕੀਤੀ
Publish Date: Thu, 26 Feb 2026 03:55 PM (IST)
Updated Date: Fri, 27 Feb 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਕੰਸਟਰਕਸ਼ਨ ਵਰਕਰ ਯੂਨੀਅਨ ਏਟਕ ਪੰਜਾਬ ਦੇ ਸੱਦੇ ’ਤੇ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਉਸਾਰੀ ਕਾਮਿਆਂ ਵੱਲੋਂ ਵੀਰਵਾਰ ਨੂੰ ਪ੍ਰਧਾਨ ਸੁਖਦੇਵ ਸ਼ਰਮਾ, ਪ੍ਰਦੀਪ ਚੀਮਾ, ਲੀਲੇ ਖਾਂ, ਸੁਰਿੰਦਰ ਭੈਣੀ ਅਤੇ ਭਰਪੂਰ ਬੁੱਲਾਪੁਰ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਪ੍ਰਿੰਸੀਪਲ ਸਕੱਤਰ ਲੇਬਰ ਮਹਿਕਮਾ ਤੇ ਪੰਜਾਬ ਸਰਕਾਰ ਦਾ ਰਵੱਈਆ ਉਸਾਰੀ ਕਾਮਿਆਂ ਪ੍ਰਤੀ ਨਿੰਦਣਯੋਗ ਹੈ। 60 ਸਾਲ ਦੀ ਉਮਰ ਤੇ ਮਿਲਦੀ ਪੈਨਸ਼ਨ ਨੂੰ ਘਟਾ ਕੇ ਕੈਟੇਗਰੀ ਵਾਈਜ਼ ਕਰਨਾ, ਯਾਤਰਾ ਭੱਤੇ ਦੀ ਸਕੀਮ ਨੂੰ ਲਗਭਗ ਖ਼ਤਮ ਕਰਨਾ, ਵਜੀਫਾ ਸਕੀਮਾਂ ਅੰਦਰ ਲਗਾਤਾਰ ਕੇਸਾਂ ਨੂੰ ਲਮਕਾ ਕੇ ਰੱਖਣਾ ਗਰੇਸ ਮਿਤੀ ਵਿਚ ਲਾਭਪਾਤਰੀ ਦੀ ਮੌਤ ਤੇ ਮਨਜ਼ੂਰੀ ਦੀ ਗੱਲ ਕਰ ਕੇ ਮੁਆਵਜੇ ਤੋਂ ਖਾਰਜ ਕਰਨਾ, ਐਕਸੀਡੈਂਟ ਕੇਸਾਂ ਵਿਚ ਮੁਆਵਜਾ ਦੇਣ ਤੋਂ ਆਨਾਕਾਨੀ ਕਰਨਾ ਤੇ 27 ਨੰਬਰ ਫਾਰਮ ਨੂੰ ਆਟੋਪੈਚ ਨਾ ਕਰਨਾ ਤੇ ਵਰਕਰਾਂ ਨੂੰ ਖੱਜਲ-ਖੁਆਰ ਕਰਨਾ ਆਦਿ ਮਸਲਿਆਂ ਤੋਂ ਦੁਖੀ ਹੋ ਕੇ ਉਸਾਰੀ ਕਾਮੇ ਸੰਘਰਸ਼ ਕਰਨ ਲਈ ਮਜਬੂਰ ਹਨ। ਇਸਦੇ ਨਾਲ ਹੀ ਲੇਬਰ ਕਮਿਸ਼ਨਰ ਪੰਜਾਬ ਅਤੇ ਲੇਬਰ ਸੈਕਟਰੀ ਪੰਜਾਬ ਦੇ ਰੱਵਈਏ ਤੋਂ ਪ੍ਰੇਸ਼ਾਨ ਹੋ ਕੇ ਯੂਨੀਅਨ ਵੱਲੋਂ 27 ਮਾਰਚ ਨੂੰ ਮੋਹਾਲੀ ਵਿਖੇ ਲੇਬਰ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਚਰਚਾ ਕਰਦਿਆਂ ਆਗੂਆਂ ਨੇ ਦੱਸਿਆ ਕਿ ਚਾਰੇ ਲੇਬਰ ਕੋਡ ਜੋ ਕਿਰਤੀਆਂ ਦੇ ਖਿਲਾਫ ਹਨ, ਨੂੰ ਵਾਪਸ ਲਏ ਜਾਣੇ ਚਾਹੀਦੇ ਹਨ। ਇਸ ਮੌਕੇ ਨਿਰਮਲ ਸਿੰਘ ਬਟੜਿਆਣਾ, ਮੇਲਾ ਸਿੰਘ ਪੁੰਨਾਵਾਲ, ਸੀਤਾ ਰਾਮ ਬਾਲਦ ਕਲਾਂ, ਏਟਕ ਆਗੂ ਜੀਵਨ ਸਿੰਘ, ਜੋਗਿੰਦਰ ਸਿੰਘ, ਰਵੀ ਦੱਤ, ਗੁਰਦੀਪ ਸਿੰਘ, ਸਰੂਪ ਸਿੰਘ ਧੂਰੀ, ਗੁਰਜੰਟ ਸਿੰਘ, ਇੰਦਰ ਸਿੰਘ ਮੌਜੂਦ ਸਨ।