ਸਾਬਕਾ ਮੰਤਰੀ ਸਿੰਗਲਾ ਨੇ ਭਵਾਨੀਗੜ੍ਹ ਦੇ ਲੋਕਾਂ ਨਾਲ ਕਮਾਇਆ ਧ੍ਰੋਹ : ਭਰਾਜ
ਹਲਕਾ ਵਿਧਾਇਕ ਨੇ ਸਾਬਕਾ ਮੰਤਰੀ ਤੇ ਲਾਏ ਵੱਡੇ ਦੋਸ਼
Publish Date: Fri, 22 May 2026 04:27 PM (IST)
Updated Date: Sat, 23 May 2026 04:02 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਾਬਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਵਲੋਂ ਚੁੱਕੇ ਕਦਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਵਾਨੀਗੜ੍ਹ ਦੇ ਲੋਕਾਂ ਵੱਲੋਂ ਵੱਡੇ ਫ਼ਰਕ ਨਾਲ ਨਕਾਰ ਦਿੱਤੇ ਜਾਣ ਤੋਂ ਬਾਅਦ ਉਹ ਆਪਣੀ ਰਾਜਨੀਤਿਕ ਹਾਰ ਦੀ ਭੜਾਸ ਲਗਾਤਾਰ ਇਲਾਕੇ ਦੇ ਲੋਕਾਂ ਤੇ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਭਵਾਨੀਗੜ੍ਹ ਦੇ ਵਿਕਾਸ ਨੂੰ ਯੋਜਨਾਬੱਧ ਢੰਗ ਨਾਲ ਰੋਕਿਆ ਗਿਆ, ਜਿਸ ਕਾਰਨ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਭਵਾਨੀਗੜ੍ਹ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੱਤਾ ਦਾ ਦੁਰਪਯੋਗ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵੀ ਭਵਾਨੀਗੜ੍ਹ ਵਿੱਚ ਸੜਕਾਂ ਦੇ ਨਿਰਮਾਣ, ਸੀਵਰੇਜ ਪ੍ਰੋਜੈਕਟਾਂ, ਪੀਣ ਵਾਲੇ ਪਾਣੀ ਦੀ ਸੁਵਿਧਾ, ਗਲੀਆਂ-ਨਾਲੀਆਂ ਦੇ ਨਵੀਨੀਕਰਨ, ਸਟਰੀਟ ਲਾਈਟਾਂ, ਸਫਾਈ ਪ੍ਰਬੰਧਾਂ ਜਾਂ ਹੋਰ ਜਨਹਿਤ ਪ੍ਰੋਜੈਕਟਾਂ ਸਬੰਧੀ ਮਤੇ ਨਗਰ ਕੌਂਸਲ ਵਿੱਚ ਲਿਆਂਦੇ ਜਾਂਦੇ ਸਨ ਤਾਂ ਸਾਬਕਾ ਵਿਧਾਇਕ ਆਪਣੇ ਪਟਿਆਲਾ ਸਥਿਤ ਘਰ ਵਿੱਚ 15 ਵਿੱਚੋਂ 08 ਕੌਂਸਲਰਾਂ ਦੀ ਮੀਟਿੰਗ ਕਰਦੇ ਸਨ ਅਤੇ ਉਹਨਾਂ ਨੂੰ ਇਹ ਮਤੇ ਰੋਕਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕੁੱਲ 15 ਚੋਂ 08 ਕੌਂਸਲਰਾਂ ਵੱਲੋਂ ਬਿਨਾਂ ਕੋਈ ਠੋਸ ਜਾਂ ਤਕਨੀਕੀ ਕਾਰਨ ਦਿੱਤੇ ਵਿਕਾਸ ਪ੍ਰੋਜੈਕਟਾਂ ’ਤੇ ਲਗਾਤਾਰ ਇਤਰਾਜ਼ ਲਗਾਏ ਗਏ। ਇਸ ਕਾਰਨ ਕਈ ਮਹੱਤਵਪੂਰਨ ਪ੍ਰੋਜੈਕਟ ਲੰਬੇ ਸਮੇਂ ਤੱਕ ਫ਼ਾਈਲਾਂ ਵਿੱਚ ਹੀ ਅਟਕੇ ਰਹੇ ਅਤੇ ਲੋਕਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਰੁਕਾਵਟ ਪੈਣ ਕਾਰਨ ਸ਼ਹਿਰ ਦੀਆਂ ਕਈ ਗਲੀਆਂ ਦੀ ਹਾਲਤ ਖਰਾਬ ਰਹੀ, ਬਰਸਾਤ ਦੇ ਮੌਸਮ ਦੌਰਾਨ ਪਾਣੀ ਖੜ੍ਹਨ ਦੀ ਸਮੱਸਿਆ ਵਧੀ ਅਤੇ ਸਫਾਈ ਪ੍ਰਬੰਧ ਵੀ ਪ੍ਰਭਾਵਿਤ ਹੋਏ। ਉਨ੍ਹਾਂ ਦੱਸਿਆ ਕਿ ਵਿਕਾਸ ਪ੍ਰੋਜੈਕਟਾਂ ਦਾ ਵਿਰੋਧ ਕਰਨ ਵਾਲੇ ਕੌਂਸਲਰਾਂ ਵਿੱਚ ਸੰਜੀਵ ਕੁਮਾਰ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ, ਮੋਨਿਕਾ ਮਿੱਤਲ, ਸੁਖਜੀਤ ਕੌਰ, ਸਤਿੰਦਰ ਕੌਰ, ਸੰਜੀਵ ਕੁਮਾਰ ਸੰਜੂ ਅਤੇ ਸਵਰਨਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕੌਂਸਲਰ ਹਰ ਵਾਰ ਲੋਕ ਭਲਾਈ ਦੇ ਮਤਿਆਂ ਨੂੰ ਰੋਕਣ ਲਈ ਇੱਕੋ ਤਰ੍ਹਾਂ ਦਾ ਰਵੱਈਆ ਅਪਣਾਉਂਦੇ ਰਹੇ ਅਤੇ ਕਦੇ ਵੀ ਜਨਤਕ ਤੌਰ ‘ਤੇ ਆਪਣੇ ਇਤਰਾਜ਼ਾਂ ਦਾ ਜਾਇਜ਼ ਕਾਰਨ ਨਹੀਂ ਦੱਸ ਸਕੇ।