ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਨਾਲ ਕੀਤਾ ਗਿਆ ਭਾਰਤ - ਅਮਰੀਕਾ ਸਮਝੌਤਾ ਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਜ਼ੇ, ਮਹਿੰਗਾਈ ਅਤੇ ਵਧ ਰਹੇ ਉਤਪਾਦਨ ਖਰਚਿਆਂ ਦੀ ਮਾਰ ਝੱਲ ਰਹੀ ਖੇਤੀਬਾੜੀ, ਅਜਿਹੇ ਸਮਝੌਤਿਆਂ ਨਾਲ ਹੋਰ ਵੀ ਨਾਜ਼ੁਕ ਹਾਲਾਤ ਵਿੱਚ ਫਸ ਜਾਵੇਗੀ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਰਥਿਕ ਹਾਲਤ ’ਤੇ ਪਵੇਗਾ।
ਫ਼ਤਹਿਗੜ੍ਹ ਸਾਹਿਬ : ਕਾਂਗਰਸ ਪਾਰਟੀ ਵੱਲੋਂ 6 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਵੱਲੋਂ ਕਰਤਾਰ ਕੰਪਲੈਕਸ, ਫ਼ਤਿਹਗੜ੍ਹ ਸਾਹਿਬ ਵਿੱਚ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਦਿੱਤੀ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਨਾਲ ਕੀਤਾ ਗਿਆ ਭਾਰਤ - ਅਮਰੀਕਾ ਸਮਝੌਤਾ ਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਜ਼ੇ, ਮਹਿੰਗਾਈ ਅਤੇ ਵਧ ਰਹੇ ਉਤਪਾਦਨ ਖਰਚਿਆਂ ਦੀ ਮਾਰ ਝੱਲ ਰਹੀ ਖੇਤੀਬਾੜੀ, ਅਜਿਹੇ ਸਮਝੌਤਿਆਂ ਨਾਲ ਹੋਰ ਵੀ ਨਾਜ਼ੁਕ ਹਾਲਾਤ ਵਿੱਚ ਫਸ ਜਾਵੇਗੀ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਰਥਿਕ ਹਾਲਤ ’ਤੇ ਪਵੇਗਾ।
ਡਾ. ਅਮਰ ਸਿੰਘ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਧੋਖੇ ਦੀ ਨੀਤੀ ਅਪਣਾਉਂਦਿਆਂ ਕਿਸਾਨੀ ਖੇਤਰ ਵਿੱਚ ਵਿਦੇਸ਼ੀ ਹਿਤਾਂ ਨੂੰ ਗਲਤ ਤਰੀਕੇ ਨਾਲ ਦਾਖ਼ਲ ਕਰ ਰਹੀ ਹੈ, ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਭਾਰਤੀ ਕਿਸਾਨਾਂ ਨਾਲ ਨਾਲ ਆਮ ਲੋਕਾਂ ਨੂੰ ਵੀ ਭੁਗਤਣਾ ਪਵੇਗਾ। ਉਨ੍ਹਾਂ ਮਨਰੇਗਾ ਯੋਜਨਾ ’ਤੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਕੀਤੇ ਜਾ ਰਹੇ ਬਦਲਾਅ ਗਰੀਬ ਅਤੇ ਜਰੂਰਤਮੰਦ ਵਰਗ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ। ਰੋਜ਼ਗਾਰ ਦੇ ਮੌਕੇ ਘਟਾ ਕੇ ਮਜ਼ਦੂਰ ਵਰਗ ਦੇ ਮੂੰਹੋਂ ਨਿਵਾਲਾ ਖੋਹਿਆ ਜਾ ਰਿਹਾ ਹੈ, ਜਿਸ ਨੂੰ ਕਾਂਗਰਸ ਪਾਰਟੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ—ਚਾਹੇ ਉਹ ਵਿੱਤੀ ਮਦਦ ਹੋਵੇ, ਕਿਸਾਨਾਂ ਦੇ ਮਸਲੇ ਹੋਣ ਜਾਂ ਵਿਕਾਸੀ ਪ੍ਰੋਜੈਕਟ। ਇਨ੍ਹਾਂ ਗੰਭੀਰ ਮਸਲਿਆਂ ’ਤੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਚੁੱਪੀ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ 6 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ 6 ਮਾਰਚ ਨੂੰ ਪੰਜਾਬ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਦੇ ਵਿਰੋਧ ਵਿੱਚ ਵਿਧਾਨ ਸਭਾ ਦਾ ਘਿਰਾਓ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਹਰ ਮਹੀਨੇ ਔਰਤਾਂ ਨੂੰ ₹1000 ਦੇਣ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਰਕਮ ਜਾਰੀ ਨਹੀਂ ਕੀਤੀ ਗਈ।
ਸ:ਨਾਗਰਾ ਨੇ ਕਿਹਾ ਕਿ ਜੇਕਰ ਹਰ ਮਹੀਨੇ ₹1000 ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਚਾਰ ਸਾਲਾਂ ਦਾ ਬਕਾਇਆ ₹48,000 ਬਣਦਾ ਹੈ, ਜੋ ਹਰ ਯੋਗ ਔਰਤ ਨੂੰ ਤੁਰੰਤ ਦਿੱਤਾ ਜਾਣਾ ਚਾਹੀਦਾ ਹੈ।ਪੰਜਾਬ ਦੀ ਮੌਜੂਦਾ ਸਰਕਾਰ ਹਰ ਮੋਰਚੇ ‘ਤੇ ਨਾਕਾਮ ਸਾਬਤ ਹੋਈ ਹੈ ਅਤੇ ਲੋਕਾਂ ਨਾਲ ਕੀਤੇ ਵਾਅਦੇ ਸਿਰਫ਼ ਜੁਮਲੇ ਬਣ ਕੇ ਰਹਿ ਗਏ ਹਨ।
ਕਾਨੂੰਨ-ਵਿਵਸਥਾ ਦੀ ਹਾਲਤ ਦਿਨੋਂ-ਦਿਨ ਖਰਾਬ ਹੋ ਰਹੀ ਹੈ, ਪਰ ਸਰਕਾਰ ਅਜੇ ਵੀ ਇਸ਼ਤਿਹਾਰਬਾਜ਼ੀ ਵਿੱਚ ਹੀ ਵਿਆਸਤ ਹੈ।
ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਅੱਜ ਬੇਰੋਜ਼ਗਾਰੀ ਦੇ ਮਾਮਲੇ ‘ਚ ਕੋਈ ਢੰਗ ਦੀ ਯੋਜਨਾ ਲਿਆਉਣ ‘ਚ ਅਸਫਲ ਰਹੀ ਹੈ।
ਇਸ ਮੌਕੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ, ਡਾਇਰੈਕਟਰ ਮਾਰਕਫੈੱਡ ਦਵਿੰਦਰ ਸਿੰਘ ਜੱਲਾ, ਜਿਲ੍ਹਾ ਪ੍ਰੈੱਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਮੰਡਲ ਪ੍ਰਧਾਨ ਧਰਮਿੰਦਰ ਸਿੰਘ ਨਬੀਪੁਰ,ਗੁਰਲਾਲ ਸਿੰਘ ਲਾਲੀ, ਸੁਖਵਿੰਦਰ ਸਿੰਘ ਕਾਲਾ,ਡਾ. ਨਰੇਸ਼ ਚੌਹਾਨ, ਸੀਨੀਅਰ ਆਗੂ ਗੁਰਸ਼ਰਨ ਸਿੰਘ ਬਿੱਟੂ, ਜਸਵਿੰਦਰ ਸਿੰਘ ਜੱਸੀ, ਬੂਟਾ ਸਿੰਘ, ਪਰਮਵੀਰ ਸਿੰਘ ਅਤਾਪੁਰ, ਜਰਨੈਲ ਭੰਗੂਆ, ਹਰਪ੍ਰੀਤ ਸੋਨੀ,ਤਰਨਪ੍ਰੀਤ ਸਿੰਘ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।