ਕਾਂਗਰਸ ਪਾਰਟੀ ਉਮੀਦਵਾਰ ਅਮਨਦੀਪ ਸਿੰਘ ਨਾਗੀ ਨੇ ਤੀਜੀ ਵਾਰ ਗੱਡਿਆ ਜਿੱਤ ਦਾ ਝੰਡਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੀਆਂ 26 ਮਈ ਨੂੰ ਹੋਈਆਂ ਵੋਟਾਂ ਦੇ ਆਏ ਗਏ ਨਤੀਜਿਆਂ ’ਚ ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 24 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਨਾਗੀ ਨੇ ਆਪਣੇ ਵਿਰੋਧੀ ਨੂੰ 664 ਵੋਟਾਂ ਦੇ ਮਾਰਜਨ ਨਾਲ ਹਰਾ ਕੇ ਤੀਜੀ ਵਾਰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਆਪਣਾ ਕਿਲ੍ਹਾ ਮਜ਼ਬੂਤ ਰੱਖਣ ’ਚ ਕਾਮਯਾਬ ਰਹੇ ਹਨ। ਜਾਣਕਾਰੀ ਦੇ ਅਨੁਸਾਰ ਕਾਂਗਰਸ ਪਾਰਟੀ ਦੀ ਤਰਫੋਂ ਅਮਨਦੀਪ ਸਿੰਘ ਨਾਗੀ ਨੂੰ ਵਾਰਡ ਨੰਬਰ 24 ਤੋਂ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ ਉਸ ਦਾ ਸਿੱਧੇ ਤੌਰ ਉੱਤੇ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਟਿੰਕੂ ਬਾਂਸਲ ਜੋ ਕਿ ਪੰਜਾਬ ਟਰੇਡ ਕਮਿਸ਼ਨ ਰਾਜਪੁਰਾ ਦੇ ਚੇਅਰਮੈਨ ਵੀ ਹਨ ਅਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਦੇ ਅਤਿ ਨਜ਼ਦੀਕੀਆਂ ’ਚੋਂ ਇੱਕ ਹਨ। ਜਿਸ ਕਾਰਨ ਦੋਵੇਂ ਉਮੀਦਵਾਰਾਂ ਵੱਲੋਂ ਚੋਣਾਂ ਦੌਰਾਨ ਆਪਣੇ ਅਸਰ ਰਸੂਖ ਦੀ ਵਰਤੋਂ ਕੀਤੀ ਗਈ ਅਤੇ ਜਿੱਤ ਦਰਜ ਕਰਵਾਉਣ ਲਈ ਪੂਰੀ ਤਾਕਤ ਲਗਾਈ ਗਈ। ਭਾਵੇਂ ਚੋਣਾਂ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਈ। ਜਿਸ ਤੋਂ ਬਾਅਦ ਬੀਤੀ 29 ਮਈ ਨੂੰ ਚੋਣਾਂ ਦੇ ਆਏ ਗਏ ਨਤੀਜਿਆਂ ’ਚ ਅਮਨਦੀਪ ਸਿੰਘ ਨਾਗੀ ਨੂੰ ਕੁੱਲ ਪੋਲ ਹੋਈਆਂ 1618 ਵੋਟਾਂ ’ਚੋਂ 999 ਵੋਟਾਂ ਲੈ ਕੇ ਤੀਜੀ ਵਾਰ 664 ਵੋਟਾਂ ਦੇ ਮਾਰਜਨ ਦੇ ਨਾਲ ਜਿੱਤ ਦਰਜ ਕਰਵਾਈ ਜਦਕਿ ਉਸ ਦੇ ਵਿਰੋਧੀ ਆਪ ਉਮੀਦਵਾਰ ਟਿੰਕੂ ਬਾਂਸਲ ਨੂੰ 335 ਵੋਟਾਂ, ਭਾਜਪਾ ਦੇ ਪ੍ਰੇਮ ਚੰਦ ਨੂੰ 187 ਵੋਟਾਂ ਮਿਲੀਆਂ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ ਸਿਰਫ 46 ਵੋਟਾਂ ਹੀ ਪ੍ਰਾਪਤ ਹੋਈਆਂ। ਜਿਸ ’ਚੋਂ 5 ਵੋਟਾਂ ਨੋਟਾਂ ਦੇ ਖਾਤੇ ਵਿਚ ਗਈਆਂ ਅਤੇ 46 ਵੋਟਾਂ ਰੱਦ ਪਾਈਆਂ ਗਈਆਂ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਨਾਗੀ ਰਾਜਪੁਰਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਜੇਤੂ ਉਮੀਦਵਾਰ ਅਮਨਦੀਪ ਸਿੰਘ ਨਾਗੀ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉੱਤੇ ਵੋਟਰਾਂ ਨੇ ਜਿਹੜੇ ਉਮੀਦ ਅਤੇ ਆਸ ਦੇ ਨਾਲ ਵੋਟਾਂ ਪਾ ਕੇ ਜਿਤਾਇਆ ਹੈ ਉਹ ਉਨ੍ਹਾਂ ਦੀਆਂ ਆਸਾਂ ਦੇ ਉੱਤੇ ਖਰੇ ਉਤਰਨਗੇ। ਇਸ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਾਬਕਾ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਬਲਾਕ ਖੇੜੀ ਗੰਡਿਆਂ ਦੇ ਪ੍ਰਧਾਨ ਜਗਰੂਪ ਸਿੰਘ ਹੈਪੀ ਸੇਹਰਾ, ਯੂਥ ਆਗੂ ਇੰਦਰਜੀਤ ਸਿੰਘ ਗਿਫਟ ਸੰਧੂ, ਨਿਰਵੈਲ ਸਿੰਘ ਬੋਪਾਰਾਏ, ਜਰਨੈਲ ਸਿੰਘ ਗੁਰਮ, ਐਸ.ਪੀ ਸਿੰਘ ਪਬਰੀ, ਬੀਰਦਵਿੰਦਰ ਸਿੰਘ ਸੰਧੂ ਸਮੇਤ ਹੋਰਨਾਂ ਵੱਲੋਂ ਅਮਨਦੀਪ ਸਿੰਘ ਨਾਗੀ ਦਾ ਮੂੰਹ ਮਿੱਠਾ ਕਰਵਾਇਆ।