ਪਟਿਆਲਾ ਦਿਹਾਤੀ ਕਾਂਗਰਸ 'ਚ ਬਗਾਵਤ ਦੇ ਸੁਰ
ਪਟਿਆਲਾ ਦਿਹਾਤੀ ਕਾਂਗਰਸ 'ਚ ਬਗਾਵਤ ਦੇ ਸੁਰ: ਬਹਾਵਲਪੁਰ, ਓ.ਬੀ.ਸੀ. ਅਤੇ ਦਲਿਤ ਸਮਾਜ ਨੂੰ ਅਣਗੌਲਿਆ ਕਰਨ ਦਾ ਦੋਸ਼
Publish Date: Sun, 17 May 2026 04:49 PM (IST)
Updated Date: Sun, 17 May 2026 04:51 PM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਹਲਕਾ ਪਟਿਆਲਾ ਦਿਹਾਤੀ ਵਿਚ ਕਾਂਗਰਸ ਪਾਰਟੀ ਅੰਦਰ ਸੰਗਠਨਾਤਮਕ ਨਿਯੁਕਤੀਆਂ ਨੂੰ ਲੈ ਕੇ ਅੰਦਰੂਨੀ ਕਲੇਸ਼ ਤੇ ਬਗਾਵਤ ਦੇ ਸੁਰ ਤੇਜ਼ ਹੋ ਗਏ ਹਨ। ਜ਼ਿਲ੍ਹਾ ਕਾਂਗਰਸ ਵੱਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਬਲਾਕ ਅਤੇ ਮੰਡਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੋਂ ਨਾਰਾਜ਼ ਬਹਾਵਲਪੁਰ, ਓ.ਬੀ.ਸੀ ਅਤੇ ਦਲਿਤ ਸਮਾਜ ਦੇ ਸੀਨੀਅਰ ਆਗੂਆਂ ਨੇ ਸਥਾਨਕ ਲੀਡਰਸ਼ਿਪ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। --ਬਹਾਵਲਪੁਰ ਸਮਾਜ ਨਾਲ ਧੱਕੇਸ਼ਾਹੀ : ਨੰਦ ਲਾਲ ਗੁਰਾਬਾ ਬਹਾਵਲਪੁਰ ਸਮਾਜ ਦੇ ਪ੍ਰਮੁੱਖ ਆਗੂ ਨੰਦ ਲਾਲ ਗੁਰਾਬਾ ਨੇ ਮਹਿੰਦਰਾ ਪਰਿਵਾਰ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਸੋਚੀ-ਸਮਝੀ ਨੀਤੀ ਤਹਿਤ ਬਹਾਵਲਪੁਰ ਸਮਾਜ ਨੂੰ ਕਾਂਗਰਸ ਵਿਚ ਯੋਗ ਸਨਮਾਨ ਅਤੇ ਪ੍ਰਤਿਨਿਧਿਤਾ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਆਜ਼ਾਦੀ ਤੋਂ ਬਾਅਦ ਅੱਜ ਤੱਕ ਤ੍ਰਿਪੜੀ ਬਲਾਕ ਕਾਂਗਰਸ ਦਾ ਪ੍ਰਧਾਨ ਇਸ ਭਾਈਚਾਰੇ ਵਿੱਚੋਂ ਨਹੀਂ ਬਣਾਇਆ ਗਿਆ। ਗੁਰਾਬਾ ਨੇ ਆਖਿਆ ਕਿ ਹੁਣ ਲਗਾਤਾਰ ਦੂਜੀ ਵਾਰ ਤ੍ਰਿਪੜੀ ਬਲਾਕ ਦਾ ਪ੍ਰਧਾਨ ਅਤੇ ਜ਼ਿਆਦਾਤਰ ਮੰਡਲ ਪ੍ਰਧਾਨ ਸਮਾਜ ਤੋਂ ਬਾਹਰ ਦੇ ਵਿਅਕਤੀਆਂ ਨੂੰ ਲਗਾ ਕੇ ਬਹਾਵਲਪੁਰ ਭਾਈਚਾਰੇ ਦੀ ਪਿੱਠ ਵਿਚ ਛੁਰਾ ਮਾਰਿਆ ਗਿਆ ਹੈ। ਸਿਰਫ਼ ਰਾਕੇਸ਼ ਨਾਸਰਾ ਨੂੰ ਇੱਕ ਅਹੁਦਾ ਦੇ ਕੇ ਸਮਾਜ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਸਮਾਜ ਸਿਰਫ਼ ਇੱਕ ਲਾਲੀਪੋਪ ਮੰਨਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਹਾਵਲਪੁਰ ਸਮਾਜ ਹਮੇਸ਼ਾ ਕਾਂਗਰਸ ਦਾ ਵਫ਼ਾਦਾਰ ਵੋਟ ਬੈਂਕ ਰਿਹਾ ਹੈ, ਪਰ ਜੇਕਰ ਹੁਣ ਵੀ ਬਣਦਾ ਹੱਕ ਨਾ ਮਿਲਿਆ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਭਾਰੀ ਸਿਆਸੀ ਨੁਕਸਾਨ ਝੱਲਣਾ ਪਵੇਗਾ। -ਰਾਹੁਲ ਗਾਂਧੀ ਦੀ ਸੋਚ ਦੇ ਉਲਟ ਹੋਈਆਂ ਨਿਯੁਕਤੀਆਂ : ਚੌਹਾਨ ਦੂਜੇ ਪਾਸੇ, ਓਬੀਸੀ ਵਿਭਾਗ ਪਟਿਆਲਾ ਕਾਂਗਰਸ ਦੇ ਸਾਬਕਾ ਚੇਅਰਮੈਨ ਗੁਰਮੀਤ ਚੌਹਾਨ ਨੇ ਵੀ ਜ਼ਿਲ੍ਹਾ ਕਾਂਗਰਸ ਵੱਲੋਂ ਕੀਤੀਆਂ 35 ਮੰਡਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਤੇ ਗੰਭੀਰ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਵਿਚ ਓਬੀਸੀ ਤੇ ਦਲਿਤ ਸਮਾਜ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਗਿਆ ਹੈ। ਗੁਰਮੀਤ ਚੋਹਾਨ ਨੇ ਕੇਂਦਰੀ ਲੀਡਰਸ਼ਿਪ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਰਾਹੁਲ ਗਾਂਧੀ ਦੇਸ਼ ਭਰ ਵਿਚ ਓਬੀਸੀ ਅਤੇ ਦਲਿਤ ਵਰਗ ਨੂੰ ਕਾਂਗਰਸ ਦੀ ਰੀੜ੍ਹ ਦੀ ਹੱਡੀ ਦੱਸਦੇ ਹਨ ਅਤੇ ਉਨ੍ਹਾਂ ਨੂੰ ਮਾਣ-ਸਨਮਾਨ ਦੇਣ ਦੀ ਗੱਲ ਕਰਦੇ ਹਨ, ਪਰ ਪਟਿਆਲਾ ਦੇ ਸਥਾਨਕ ਆਗੂ ਰਾਹੁਲ ਜੀ ਦੀ ਸੋਚ ਦੇ ਬਿਲਕੁਲ ਉਲਟ ਚੱਲ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪਾਰਟੀ ਦਾ ਮਜ਼ਬੂਤ ਆਧਾਰ ਰਹੇ ਇਨ੍ਹਾਂ ਵਰਗਾਂ ਦੀ ਅਣਦੇਖੀ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੋਂ ਮੰਗ ਕੀਤੀ ਕਿ ਇਨ੍ਹਾਂ ਨਿਯੁਕਤੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਨਵੀਂਆਂ ਸੂਚੀਆਂ ਵਿੱਚ ਦਲਿਤ ਤੇ ਓ.ਬੀ.ਸੀ. ਸਮਾਜ ਨੂੰ ਬਣਦੀ ਹਿੱਸੇਦਾਰੀ ਦਿੱਤੀ ਜਾਵੇ। -ਸਿਆਸੀ ਹਲਕਿਆਂ ਚ ਚਰਚਾ ਤੇਜ਼ ਪਟਿਆਲਾ ਦਿਹਾਤੀ ਕਾਂਗਰਸ ਦੇ ਦੋ ਵੱਡੇ ਧੜਿਆਂ ਬਹਾਵਲਪੁਰ ਅਤੇ ਦਲਿਤ/ਓਬੀਸੀ ਵਰਗ ਵੱਲੋਂ ਇੱਕੋ ਸਮੇਂ ਖੋਲ੍ਹੇ ਗਏ ਇਸ ਮੋਰਚੇ ਨੇ ਸਥਾਨਕ ਸਿਆਸਤ ਗਰਮਾ ਦਿੱਤੀ ਹੈ। ਆਗੂਆਂ ਦੇ ਇਸ ਤਲਖ਼ ਰਵੱਈਏ ਤੋਂ ਸਾਫ਼ ਹੈ ਕਿ ਜੇਕਰ ਹਾਈਕਮਾਂਡ ਨੇ ਤੁਰੰਤ ਇਸ ਮਾਮਲੇ ਵਿਚ ਦਖ਼ਲ ਨਾ ਦਿੱਤਾ, ਤਾਂ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਅੰਦਰ ਇਹ ਬਗਾਵਤ ਹੋਰ ਵੱਡਾ ਰੂਪ ਧਾਰਨ ਕਰ ਸਕਦੀ ਹੈ।