ਕਾਂਗਰਸੀ ਉਮੀਦਵਾਰ ਦੇ ਪੋਲਿੰਗ ਏਜੰਟ ਨੂੰ ਬਾਹਰ ਕੱਢਿਆ, ਹੰਗਾਮਾ
ਕਾਂਗਰਸੀ ਉਮੀਦਵਾਰ ਦੇ ਪੋਲਿੰਗ ਏਜੰਟ ਨੂੰ ਬਾਹਰ ਕੱਢਿਆ, ਹੰਗਾਮਾ
Publish Date: Tue, 26 May 2026 07:16 PM (IST)
Updated Date: Wed, 27 May 2026 04:08 AM (IST)

ਦੋਵਾਂ ਧਿਰਾਂ ਦੇ ਭੜਕੇ ਵਰਕਰਾਂ ਨੇ ਇਕ ਦੂਜੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਪੋਲਿੰਗ ਏਜੰਟ ਨੂੰ ਬਾਹਰ ਕੱਢਣ ’ਤੇ ਪ੍ਰਜਾਈਡਿੰਗ ਅਫਸਰ ਨਾਲ ਗੱਲਬਾਤ ਕਰਨ ਪੁੱਜੇ : ਸਿੰਗਲਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 13 ਦੇ ਪੋਲਿੰਗ ਬੂਥ ’ਤੇ ਉਸ ਸਮੇਂ ਹੰਗਾਮੇ ਵਾਲਾ ਮਾਹੌਲ ਬਣ ਗਿਆ, ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੂਪ ਚੰਦ ਗੋਇਲ ਦੇ ਪੋਲਿੰਗ ਏਜੰਟ ਨੂੰ ਬੂਥ ਅੰਦਰੋਂ ਬਾਹਰ ਕੱਢ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਕਾਂਗਰਸੀ ਸਮਰਥਕਾਂ ’ਚ ਰੋਸ ਪੈਦਾ ਹੋ ਗਿਆ ਤੇ ਮੌਕੇ ’ਤੇ ਕੁਝ ਸਮੇਂ ਲਈ ਸਥਿਤੀ ਤਣਾਅ ਵਾਲੀ ਬਣੀ ਰਹੀ। ਜਾਣਕਾਰੀ ਅਨੁਸਾਰ, ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਬਿਨਾਂ ਕਿਸੇ ਠੋਸ ਕਾਰਨ ਦੇ ਪੋਲਿੰਗ ਏਜੰਟ ਨੂੰ ਬੂਥ ਤੋਂ ਬਾਹਰ ਕੀਤਾ ਗਿਆ, ਜਿਸ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਹੋਏ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਤੁਰੰਤ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਪ੍ਰਜਾਈਡਿੰਗ ਅਫ਼ਸਰ ਨਾਲ ਗੱਲਬਾਤ ਕੀਤੀ ਗਈ, ਗੱਲਬਾਤ ਤੋਂ ਬਾਅਦ ਪੋਲਿੰਗ ਏਜੰਟ ਨੂੰ ਦੁਬਾਰਾ ਬੂਥ ਅੰਦਰ ਬੈਠਣ ਦੀ ਇਜਾਜ਼ਤ ਦਿੱਤੀ ਗਈ, ਜਿਸ ਨਾਲ ਸਥਿਤੀ ਕੁਝ ਹੱਦ ਤੱਕ ਸ਼ਾਂਤ ਹੋਈ। ਇਸ ਦੌਰਾਨ ਦੋਵਾਂ ਧਿਰਾਂ ਦੇ ਭੜਕੇ ਵਰਕਰਾਂ ਨੇ ਇਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਬੂਥ ਅੰਦਰ ਕਿਵੇਂ ਗਏ : ਹਲਕਾ ਵਿਧਾਇਕ ਇਸ ਦੌਰਾਨ ਮੌਕੇ ’ਤੇ ਪਹੁੰਚੇ ਹਲਕਾ ਵਿਧਾਇਕ ਵੀ ਇਸ ਗੱਲ ਨੂੰ ਲੈ ਕੇ ਭੜਕ ਉੱਠੇ ਕਿ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਬੂਥ ਅੰਦਰ ਕਿਵੇਂ ਗਏ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ। ਕੁਝ ਸਮੇਂ ਲਈ ਬੂਥ ਦੇ ਬਾਹਰ ਸਿਆਸੀ ਤਣਾਅ ਦਾ ਮਾਹੌਲ ਬਣਿਆ ਰਿਹਾ, ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਾਲਾਤ ਨੂੰ ਕਾਬੂ ਵਿੱਚ ਕਰਦੇ ਹੋਏ ਚੋਣ ਪ੍ਰਕਿਰਿਆ ਨੂੰ ਮੁੜ ਆਮ ਢੰਗ ਨਾਲ ਜਾਰੀ ਰੱਖਿਆ ਗਿਆ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ : ਥਾਣਾ ਮੁਖੀ ਉੱਧਰ, ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਚੋਣਾਂ ਸ਼ਾਂਤੀਪੂਰਨ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸਾਰੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਚੋਣ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਿਆ ਜਾ ਸਕੇ। ਮੌਕੇ ’ਤੇ ਮੌਜੂਦ ਥਾਣਾ ਭਵਾਨੀਗੜ੍ਹ ਦੇ ਮੁਖੀ ਰਮਨਦੀਪ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ, ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਕਰਵਾਈ ਜਾ ਰਹੀ ਹੈ। ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ : ਸਿੰਗਲਾ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ-3 ਦੇ ਪੋਲਿੰਗ ਬੂਥ ਉੱਪਰ ਹੋਏ ਮਾਮਲੇ ਸਬੰਧੀ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਲਗਾਤਾਰ ਸੁਨੇਹੇ ਮਿਲ ਰਹੇ ਸਨ ਕਿ ਕੁਝ ਬੂਥਾਂ ’ਤੇ ਬੂਥ ਕੈਪਚਰਿੰਗ ਜਾਂ ਧੱਕੇਸ਼ਾਹੀ ਰਾਹੀਂ ਜਾਅਲੀ ਵੋਟਾਂ ਪਵਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ’ਤੇ ਅਦਾਲਤ ਨੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਦੋ ਅਬਜ਼ਰਵਰ ਨਿਯੁਕਤ ਕੀਤੇ। ਸਿੰਗਲਾ ਨੇ ਦੱਸਿਆ ਕਿ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਰੋਕਣ ਲਈ ਉਨ੍ਹਾਂ ਵੱਲੋਂ ਨਿਰਧਾਰਿਤ ਫੀਸ ਵੀ ਜਮ੍ਹਾਂ ਕਰਵਾਈ ਗਈ। ਪੋਲਿੰਗ ਏਜੰਟ ਨੂੰ ਦੁਬਾਰਾ ਅੰਦਰ ਬੈਠਾਇਆ ਉਨ੍ਹਾਂ ਕਿਹਾ ਕਿ ਅੱਜ ਵਾਰਡ ਨੰਬਰ 13 ਦੇ ਇੱਕ ਪੋਲਿੰਗ ਬੂਥ ਤੋਂ ਉਨ੍ਹਾਂ ਦੇ ਮੁੱਖ ਪੋਲਿੰਗ ਏਜੰਟ ਨੂੰ ਬਾਹਰ ਕੱਢਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਖੁਦ ਮੌਕੇ ’ਤੇ ਪਹੁੰਚੇ। ਸਿੰਗਲਾ ਦੇ ਅਨੁਸਾਰ, ਉਨ੍ਹਾਂ ਨੇ ਡਿਊਟੀ ’ਤੇ ਤਾਇਨਾਤ ਐੱਸ.ਐੱਚ.ਓ ਨਾਲ ਗੱਲਬਾਤ ਕਰਕੇ ਪ੍ਰਜਾਈਡਿੰਗ ਅਫਸਰ ਨਾਲ ਮੁਲਾਕਾਤ ਕੀਤੀ ਅਤੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪੋਲਿੰਗ ਏਜੰਟ ਨੂੰ ਮੁੜ ਬੂਥ ਅੰਦਰ ਬੈਠਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਜਾਈਡਿੰਗ ਅਫ਼ਸਰ ਨੇ ਉਨ੍ਹਾਂ ਦੀ ਬੇਨਤੀ ਮੰਨਦਿਆਂ ਪੋਲਿੰਗ ਏਜੰਟ ਨੂੰ ਦੁਬਾਰਾ ਅੰਦਰ ਬੈਠਾ ਦਿੱਤਾ, ਜਿਸ ਤੋਂ ਬਾਅਦ ਉਹ ਬੂਥ ਤੋਂ ਬਾਹਰ ਆ ਗਏ ਅਤੇ ਇਸ ਤੋਂ ਇਲਾਵਾ ਕੋਈ ਹੋਰ ਵਿਵਾਦਪੂਰਨ ਘਟਨਾ ਨਹੀਂ ਵਾਪਰੀ।