ਸੇਵਿਅਰ ਕਲੱਬ ਅਤੇ ਸ਼ੁੱਭਕਰਮਨ ਫਾਊਂਡੇਸ਼ਨ ਨੇ ਛੇੜੀ ਪ੍ਰਦੂਸ਼ਣ ਖ਼ਿਲਾਫ਼ ਜੰਗ
ਸੇਵਿਅਰ ਕਲੱਬ ਅਤੇ ਸ਼ੁੱਭਕਰਮਨ ਫਾਊਂਡੇਸ਼ਨ ਨੇ ਛੇੜੀ ਪ੍ਰਦੂਸ਼ਣ ਖ਼ਿਲਾਫ਼ ਜੰਗ
Publish Date: Sun, 03 May 2026 04:26 PM (IST)
Updated Date: Sun, 03 May 2026 04:29 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਗੈਰ-ਰਾਜਨੀਤਿਕ ਸਮਾਜਸੇਵੀ ਸੰਸਥਾਵਾਂ ਸੇਵਿਅਰ ਕਲੱਬ ਪਟਿਆਲਾ ਅਤੇ ਸ਼ੁੱਭਕਰਮਨ ਫਾਊਂਡੇਸ਼ਨ ਵੱਲੋਂ ਭਾਖੜਾ ਨਹਿਰ ਦੇ ਆਲੇ-ਦੁਆਲੇ ਫੈਲੇ ਪਲਾਸਟਿਕ ਕਚਰੇ ਨੂੰ ਹਟਾ ਕੇ ਵਾਤਾਵਰਣ ਦੀ ਸ਼ੁੱਧਤਾ ਤੇ ਸਫਾਈ ਪ੍ਰਤੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਨ੍ਹਾਂ ਸੰਸਥਾਵਾਂ ਵੱਲੋਂ 26 ਫਰਵਰੀ ਤੋਂ ਲਗਾਤਾਰ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹਰ ਹਫ਼ਤੇ ਮੈਂਬਰ ਆਪਣਾ ਕੀਮਤੀ ਸਮਾਂ ਦੇ ਕੇ ਵਾਤਾਵਰਣ ਨੂੰ ਸੁੱਚਾ ਅਤੇ ਹਰਿਆਵਲ ਭਰਪੂਰ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਪਵਨ ਗਰਗ, ਚਮਨ ਸ਼ਰਮਾ ਅਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਹਰ ਹਫ਼ਤੇ ਕਰੀਬ ਤਿੰਨ ਘੰਟੇ ਨਹਿਰ ਦੇ ਆਲੇ-ਦੁਆਲੇ ਸਫਾਈ ਕਰਦੀ ਹੈ, ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਲਗਾਤਾਰ ਪਲਾਸਟਿਕ ਦੇ ਲਿਫਾਫੇ, ਧਾਰਮਿਕ ਸਮੱਗਰੀ ਅਤੇ ਘਰੇਲੂ ਕੂੜਾ-ਕਰਕਟ ਨਹਿਰ ’ਚ ਅਤੇ ਇਸਦੇ ਕਿਨਾਰਿਆਂ ’ਤੇ ਸੁੱਟ ਕੇ ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਨਹਿਰ ਨੇੜੇ ਰੇਹੜੀਆਂ ਲਗਾਉਣ ਵਾਲੇ ਆਪਣਾ ਕਚਰਾ ਖਾਲੀ ਥਾਵਾਂ ਵਿਚ ਸੁੱਟ ਕੇ ਵਾਤਾਵਰਣ ਨੂੰ ਗੰਧਲਾ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਆਪਣੇ ਪਾਲਤੂ ਕੁੱਤਿਆਂ ਅਤੇ ਪਸ਼ੂਆਂ ਨੂੰ ਇੱਥੇ ਲਿਆ ਕੇ ਗੰਦਗੀ ਫੈਲਾਉਂਦੇ ਹਨ। ਰੋਕਣ-ਟੋਕਣ ’ਤੇ ਕਈ ਵਾਰ ਡਿਊਟੀ ਕਰ ਰਹੇ ਕਰਮਚਾਰੀਆਂ ਅਤੇ ਗੋਤਾਖੋਰਾਂ ਨਾਲ ਤਕਰਾਰ ਦੀ ਸਥਿਤੀ ਵੀ ਬਣ ਜਾਂਦੀ ਹੈ। ਉਹਨਾਂ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਇਹ ਖੇਤਰ ਨਸ਼ੀਲੀ ਵਸਤੂਆਂ ਦੇ ਸੇਵਨ ਦਾ ਕੇਂਦਰ ਬਣਾਇਆ ਜਾ ਰਿਹਾ ਹੈ, ਜੋ ਸਮਾਜਕ ਅਤੇ ਵਾਤਾਵਰਣਕ ਦ੍ਰਿਸ਼ਟੀਕੋਣ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਸਲੇ ਦੇ ਹੱਲ ਲਈ ਜਲਦ ਹੀ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਮੁਲਾਕਾਤ ਕਰਕੇ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਅੰਤ ਵਿਚ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁਦਰਤੀ ਸਰੋਤਾਂ ਦੀ ਰੱਖਿਆ ਅਤੇ ਸੁੱਚੇ ਵਾਤਾਵਰਣ ਦੀ ਸਿਰਜਣਾ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਏ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼-ਸੁਥਰਾ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।