ਸਕੂਲ ਆਫ਼ ਐਮੀਨੈਂਸ ਅਮਲੋਹ ’ਚ ਅੱਠ ਮਹੀਨਿਆਂ ਤੋਂ ਕਲਰਕ ਦੀ ਪੋਸਟ ਖ਼ਾਲੀ
ਸਕੂਲ ਆਫ਼ ਐਮੀਨੈਂਸ ਅਮਲੋਹ ’ਚ ਅੱਠ ਮਹੀਨਿਆਂ ਤੋਂ ਕਲਰਕ ਦੀ ਪੋਸਟ ਖ਼ਾਲੀ
Publish Date: Mon, 18 May 2026 05:31 PM (IST)
Updated Date: Mon, 18 May 2026 05:33 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਸਕੂਲ ਆਫ਼ ਐਮੀਨੈਂਸ ਅਮਲੋਹ ਵਿਚ ਕਲਰਕ ਦੀ ਅਸਾਮੀ ਖ਼ਾਲੀ ਹੋਣ ਕਾਰਨ ਪ੍ਰਿੰਸੀਪਲ ਅਤੇ ਸਟਾਫ਼ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਇਹ ਹੈ ਕਿ ਕਲਰਕ ਨਾ ਹੋਣ ਕਾਰਨ ਸਕੂਲ ਦੇ ਪ੍ਰਿੰਸੀਪਲ ਨੂੰ ਖ਼ੁਦ ਕਲਰਕ ਦੇ ਕੰਮਾਂ ਲਈ ਬੈਂਕ ਤੇ ਹੋਰ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਇਸ ਸਕੂਲ ਵਿਚ 1250 ਦੇ ਕਰੀਬ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ ਅਤੇ 50 ਦੇ ਕਰੀਬ ਲੈਕਚਰਾਰਾਂ ਤੇ ਅਧਿਆਪਕਾਂ ਦਾ ਸਟਾਫ਼ ਤਾਇਨਾਤ ਹੈ। ਅਜਿਹੀ ਸਥਿਤੀ ਵਿਚ ਸਾਰੇ ਸਟਾਫ਼ ਦੇ ਦਸਤਾਵੇਜ਼ਾਂ ਅਤੇ ਸਕੂਲ ਦੇ ਹੋਰ ਪ੍ਰਸ਼ਾਸਨਿਕ ਕੰਮਾਂ ਦਾ ਬੋਝ ਵੀ ਪ੍ਰਿੰਸੀਪਲ ਸਿਰ ਪੈ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਇਕਬਾਲ ਸਿੰਘ ਨੇ ਦੱਸਿਆ ਕਿ ਸਤੰਬਰ 2025 ਵਿਚ ਕਲਰਕ ਦਾ ਤਬਾਦਲਾ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਅਹੁਦਾ ਲਗਾਤਾਰ ਖ਼ਾਲੀ ਪਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਕਲਰਕ ਦੀ ਅਸਾਮੀ ਜਲਦ ਭਰਨ ਲਈ ਡੀਈਓ ਫਤਿਹਗੜ੍ਹ ਸਾਹਿਬ ਨੂੰ ਵੀ ਲਿਖਤੀ ਤੌਰ ’ਤੇ ਭੇਜਿਆ ਗਿਆ ਹੈ ਤਾਂ ਜੋ ਸਕੂਲ ਦੇ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ। ਦੂਜੇ ਪਾਸੇ ਪੀਐਮ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਅੰਗਰੇਜ਼ੀ ਵਿਸ਼ੇ ਦੇ ਦੋ ਲੈਕਚਰਾਰਾਂ ਦੀਆਂ ਪੋਸਟਾਂ ਖ਼ਾਲੀ ਚੱਲ ਰਹੀਆਂ ਹਨ, ਜਿਸ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।