ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ’ਚ ਝੜੱਪ
ਪੰਚਾਇਤੀ ਜਮੀਨ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਝੜੱਪ
Publish Date: Sat, 02 May 2026 06:31 PM (IST)
Updated Date: Sun, 03 May 2026 04:12 AM (IST)

ਦਲਿਤ ਭਾਈਚਾਰੇ ਤੇ ਗੁਰਦੁਆਰਾ ਨਾਨਕ ਨਾਮ ਚੜ੍ਹਦੀ ਕਲਾਂ ਦੇ ਆਗੂਆਂ ਵਿਚਕਾਰ ਟੱਕਰਾਵ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ : ਨੇੜਲੇ ਪਿੰਡ ਬੇਨੜਾ ’ਚ ਸ਼ਨਿੱਚਰਵਾਰ ਨੂੰ ਪੰਚਾਇਤੀ ਜ਼ਮੀਨ ਉੱਪਰ ਕਬਜ਼ੇ ਨੂੰ ਲੈ ਕੇ ਦਲਿਤ ਭਾਈਚਾਰੇ ਤੇ ਗੁਰਦੁਆਰਾ ਨਾਨਕ ਨਾਮ ਚੜ੍ਹਦੀ ਕਲਾਂ ਹਰੀ ਚੰਦ ਪੱਤੀ ਦੇ ਆਗੂਆਂ ਵਿਚਕਾਰ ਝਗੜਾ ਹੋ ਗਿਆ। ਜਿਸ ਕਾਰਨ ਦੋਵੇਂ ਧਿਰਾਂ ਦੇ ਫੱਟੜ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਫੱਟੜ ਸਾਰੇ ਹੀ ਵਿਅਕਤੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਮੌਕੇ ਦਲਿਤ ਭਾਈਚਾਰੇ ਨਾਲ ਸਬੰਧਤ ਆਗੂ ਮਾਸਟਰ ਰਾਮ ਸਿੰਘ ਬਹਾਲ ਸਿੰਘ, ਦਲਵਾਰਾ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਬੇਨੜਾ ਵਿਖੇ ਗੁਰਦੁਆਰਾ ਨਾਨਕ ਨਾਮ ਚੜ੍ਹਦੀ ਕਲਾ ਨੇੜੇ ਪੰਚਾਇਤੀ ਜ਼ਮੀਨ ਉੱਪਰ ਦਲਿਤ ਭਾਈਚਾਰੇ ਦੀਆਂ ਰੂੜੀਆਂ ਤੇ ਪਥਵਾੜੇ ਦੀ ਥਾਂ ਹੈ ਤੇ ਇਸਦੇ ਕਰੀਬ ਦੋ ਵਿੱਘੇ ਥਾਂ ਉੱਪਰ ਦਲਿਤ ਭਾਈਚਾਰੇ ਦੇ ਲੋਕਾਂ ਦਾ ਲੰਮੇ ਸਮੇਂ ਤੋਂ ਕਬਜ਼ਾ ਸੀ ਅਤੇ ਇਸ ਦੇ ਨਾਲ ਲੱਗਦੀ ਕਰੀਬ ਸੱਤ-ਅੱਠ ਵਿੱਘੇ ਪੰਚਾਇਤੀ ਜ਼ਮੀਨ ’ਤੇ ਕੁਝ ਹਿੱਸੇ ਉੱਪਰ ਵੀ ਦਲਿਤ ਭਾਈਚਾਰੇ ਦੀਆਂ ਰੂੜੀਆਂ ਲੱਗੀਆਂ ਹੋਈਆਂ ਸਨ। ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਇਸ ਪੰਚਾਇਤੀ ਜਗ੍ਹਾ ਉੱਪਰ ਡਾਕਟਰ ਅੰਬੇਦਕਰ ਭਵਨ ਪਾਰਕ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਣਾਉਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਪ੍ਰੰਤੂ ਅੱਜ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਦਲਿਤ ਭਾਈਚਾਰੇ ਦੀਆਂ ਰੂੜੀਆਂ ਤੇ ਪਥੇਰ ਵਾਲੀ ਥਾਂ ਉੱਪਰ ਕਬਜ਼ਾ ਕਰਦਿਆਂ ਇਸ ਪੰਚਾਇਤੀ ਜ਼ਮੀਨ ਵਿੱਚ ਪਾਣੀ ਛੱਡ ਦਿੱਤਾ ਤੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਕਬਜ਼ੇ ਵਾਲੀ ਜਗ੍ਹਾ ਵਾਲੇ ਪਾਸੇ ਵੱਟ ਪਾਉਣ ਵੇਲੇ ਇਹ ਝਗੜਾ ਲੜਾਈ ਦਾ ਰੂਪ ਧਾਰਨ ਕਰ ਗਿਆ। ਰਾਮ ਸਿੰਘ ਨੇ ਦੱਸਿਆ ਕਿ ਦਲਿਤ ਭਾਈਚਾਰੇ ਦੇ ਫੱਟੜ ਲੋਕਾਂ ਵਿੱਚ ਗੁਰਵਿੰਦਰ ਸਿੰਘ, ਜਗਦੇਵ ਸਿੰਘ, ਵਿੱਕੀ ਸਿੰਘ, ਜਗਤਾਰ ਸਿੰਘ, ਭੋਲਾ ਸਿੰਘ ਅਤੇ ਦੋ ਔਰਤਾਂ ਜਿਨ੍ਹਾਂ ਵਿਚ ਰਜਿੰਦਰ ਕੌਰ ਅਤੇ ਰਾਜ ਕੌਰ ਸ਼ਾਮਲ ਹਨ। ਦੂਜੇ ਪਾਸੇ, ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵਿਚ ਸ਼ਾਮਲ ਧਰਮਿੰਦਰ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੰਚਾਇਤੀ ਜ਼ਮੀਨ ਉੱਪਰ ਗੁਰਦੁਆਰਾ ਕਮੇਟੀ ਦਾ ਪਿਛਲੇ ਲੰਮੇ ਸਮੇਂ ਤੋਂ ਕਬਜ਼ਾ ਹੈ ਤੇ ਪਿੰਡ ਵਾਸੀਆਂ ਵੱਲੋਂ ਜਿਸ ਸਾਂਝੀ ਜਗ੍ਹਾ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ ਉਸ ਜ਼ਮੀਨ ਉੱਪਰ ਮਿੱਟੀ ਪਾ ਕੇ ਪੱਧਰ ਕੀਤਾ ਗਿਆ ਹੈ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਨੁਸਾਰ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਉਨਾਂ ਉੱਪਰ ਹਮਲਾ ਕੀਤਾ ਗਿਆ ਹੈ ਜਿਸ ਨਾਲ ਗੁਰਦੁਆਰਾ ਕਮੇਟੀ ਨਾਲ ਸਬੰਧਿਤ ਪ੍ਰਦੀਪ ਸਿੰਘ, ਗਗਨਦੀਪ ਸਿੰਘ, ਦਰਸ਼ਨ ਕੌਰ ਤੇ ਲਾਭ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਪ੍ਰਸ਼ਾਸਨ ਦੀ ਟੀਮ ਭਾਰੀ ਪੁਲਿਸ ਬਲ ਸਮੇਤ ਕਿਸੇ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਝਗੜੇ ਵਾਲੀ ਜਗ੍ਹਾ ’ਤੇ ਪਹੁੰਚੀ। ਏਡੀਸੀ ਵਿਕਾਸ ਸੁਖਚੈਨ ਸਿੰਘ, ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ, ਐੱਸਐੱਚਓ ਸਦਰ ਕਰਨਵੀਰ ਸੰਧੂ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਧੂਰੀ ਪਿੰਡ ਬੇਨੜਾ ਵਿਚ ਪੈਦਾ ਹੋਏ ਇਸ ਵਿਵਾਦ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਦੇ ਆਗੂਆਂ ਨਾਲ ਵੱਖ-ਵੱਖ ਥਾਵਾਂ ’ਤੇ ਬੰਦ ਕਮਰਾ ਮੀਟਿੰਗਾਂ ਕਰਨ ਵਿੱਚ ਰੁੱਝੇ ਹੋਏ ਦਿਖਾਈ ਦਿੱਤੇ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਇਸ ਮੀਟਿੰਗ ਵਿੱਚ ਸ਼ਾਮਲ ਦਲਿਤ ਭਾਈਚਾਰੇ ਦੇ ਆਗੂ ਮਾਸਟਰ ਰਾਮ ਸਿੰਘ, ਪਾਲ ਸਿੰਘ, ਦਲਬਾਰਾ ਸਿੰਘ, ਅਤੇ ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਦਲਿਤ ਭਾਈਚਾਰੇ ਵੱਲੋਂ ਝਗੜੇ ਵਾਲੀ ਪੰਚਾਇਤੀ ਜ਼ਮੀਨ ਉੱਪਰ ਅੰਬੇਦਕਰ ਭਵਨ ਪਾਰਕ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਣਾਉਣ ਦੀ ਤਜਵੀਜ ਰੱਖੀ ਗਈ ਹੈ। ਦਲਿਤ ਭਾਈਚਾਰੇ ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕਰਨ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਗੁਰਦੁਆਰਾ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਰਵਾਨਾ ਹੋ ਗਏ ਤਾਂ ਜੋ ਗੱਲਬਾਤ ਰਾਹੀਂ ਇਸ ਝਗੜੇ ਦਾ ਕੋਈ ਸਾਂਝਾ ਹੱਲ ਕੱਢਿਆ ਜਾ ਸਕੇ।00000000000000000000000000000000