ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Sat, 16 May 2026 05:07 PM (IST)
Updated Date: Sat, 16 May 2026 05:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਪਟਿਆਲਾ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਨੇ ਵਿਦਿਆਰਥੀਆਂ ਤੇ ਹਾਜ਼ਰ ਲੋਕਾਂ ਨੂੰ ਡੇਂਗੂ ਬਿਮਾਰੀ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਤੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਇਸ ਤੋਂ ਇਲਾਵਾ ਮੱਛਰਾਂ ਤੋਂ ਬਚਾਅ ਲਈ ਪੂਰੀਆਂ ਬਾਂਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਐਪਿਡੇਮੌਲੋਜਿਸਟ ਡਾ.ਸੁਮਿਤ ਸਿੰਘ ਨੇ ਡੇਂਗੂ ਦੇ ਲੱਛਣਾਂ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਅਚਾਨਕ ਤੇਜ਼ ਬੁਖਾਰ ਹੋਣਾ,ਸਿਰ ਦਰਦ ਅਤੇ ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਤੇ ਜੋੜਾਂ ’ਚ ਦਰਦ, ਉਲਟੀਆਂ ਆਉਣਾ ਜਾਂ ਜੀਅ ਕੱਚਾ ਹੋਣਾ, ਸਰੀਰ ਉੱਤੇ ਲਾਲ ਰੰਗ ਦੇ ਧੱਫੜ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਦੌਰਾਨ ਡਾ. ਦਿਵਜੋਤ ਨੇ ਵਿਦਿਆਰਥੀਆਂ ਨੂੰ ਵਾਟਰ ਬੌਰਨ ਡਜ਼ੀਜ਼ ਤੋਂ ਜਾਣੂ ਕਰਵਾਇਆ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਦੀ ਸਲਾਹ ਦਿੱਤੀ। ਇਸ ਮੌਕੇ ਡਾ.ਅਨਮੋਲ ਰਤਨ, ਡਾ. ਜੈਸਮੀਨ, ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਐਲਐਚਵੀ ਬਲਵਿੰਦਰ ਕੌਰ ਹਾਜ਼ਰ ਸਨ।