ਵਿਸ਼ੇਸ਼ ਕੈਂਪਾਂ ਦਾ ਉਦੇਸ਼ ਲੋਕਾਂ ’ਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣੀ : ਸਿਵਲ ਸਰਜਨ
ਵਿਸ਼ੇਸ਼ ਕੈਂਪਾਂ ਦਾ ਉਦੇਸ਼ ਲੋਕਾਂ ਵਿੱਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣੀ : ਸਿਵਲ ਸਰਜਨ
Publish Date: Tue, 28 Apr 2026 04:48 PM (IST)
Updated Date: Tue, 28 Apr 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਹਿਰਾਂ ਅਤੇ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਵਿਚ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣੀ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਵੱਲ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਸੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਵੱਲੋਂ ਪਿੰਡ ਬਖਸ਼ੀਵਾਲ ਵਿਖੇ ਲਗਾਏ ਗਏ ਅੱਖਾਂ ਦੀ ਜਾਂਚ ਦੇ ਮੁਫਤ ਕੈਂਪ ਦੌਰਾਨ ਕੀਤਾ ਗਿਆ। ਡਾ.ਗੁਰਪ੍ਰੀਤ ਸਿੰਘ ਨਾਗਰਾ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਅੱਜ ਅੱਖਾਂ ਜਾਂਚ ਦਾ ਮੁਫਤ ਕੈਂਪ ਪਿੰਡ ਬਖਸ਼ੀਵਾਲ ਵਿਖੇ ਲਗਾਇਆ ਗਿਆ ਹੈ, ਜਿਸ ਵਿਚ ਮਾਤਾ ਕੁਸ਼ੱਲਿਆ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾ.ਅਨੁਰੀਤ ਨੇ ਕੈਂਪ ਵਿੱਚ ਪਹੁੰਚ ਕੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਵੰਡੀਆਂ ਗਈਆਂ। ਇਸ ਬਾਰੇ ਡਾ.ਨਾਗਰਾ ਨੇ ਦੱਸਿਆ ਕਿ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਤਹਿਤ ਅੱਜ ਪਿੰਡ ਬਖਸ਼ੀਵਾਲ ਵਿਖੇ 100 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ 82 ਦੇ ਲਗਭਗ ਲੋੜਵੰਦਾਂ ਨੂੰ ਐਨਕਾਂ ਵੀ ਵੰਡੀਆਂ ਗਈਆਂ ਅਤੇ 11 ਮਰੀਜ਼ਾਂ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ਵਿੱਚ ਵੀ ਇਹ ਵਿਸ਼ੇਸ਼ ਕੈਂਪ ਜਾਰੀ ਰਹਿਣਗੇ, ਜਿਸ ਤਹਿਤ ਮਿਤੀ 29 ਅਪ੍ਰੈਲ ਨੂੰ ਪਿੰਡ ਬਾਰਨ ਵਿਖੇ ਅੱਖਾਂ ਦੀ ਜਾਂਚ ਦੇ ਮੁਫਤ ਵਿਸ਼ੇਸ਼ ਕੈਂਪ ਲੱਗੇਗਾ। ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਕੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣਾ ਚਾਹੀਦਾ ਹੈ। ਕੈਂਪ ਲਈ ਸਥਾਨਕ ਆਗੂਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਐ.ਐਚ.ਓ ਡਾ.ਇੰਦਰਪ੍ਰੀਤ ਰੰਧਾਵਾ, ਡਾ.ਜਸਪ੍ਰੀਤ, ਹਰਦੀਪ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਜਸਜੀਤ ਕੌਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਜ਼ਸਵੀਰ ਕੌਰ, ਕੁਮਕੁਮ ਅਪਥੈਲਮਿਕ ਅਫਸਰ ਸਮੇਤ ਸਮੂਹ ਸਿਹਤ ਕਰਮਚਾਰੀ ਹਾਜ਼ਰ ਸਨ।