ਘੱਗਾ ਰੋਡ ਸਥਿਤ ਦੋ ਦੁਕਾਨਾਂ ’ਚੋਂ ਲੱਖਾਂ ਦੀ ਨਕਦੀ ਚੋਰੀ
ਘੱਗਾ ਰੋਡ 'ਤੇ ਟਾਇਰਾਂ ਅਤੇ ਬੈਟਰੀਆਂ ਦੀਆਂ ਦੋ ਦੁਕਾਨਾਂ ਵਿੱਚੋਂ ਲੱਖਾਂ ਦੀ ਨਕਦੀ ਚੋਰੀ
Publish Date: Sat, 09 May 2026 06:33 PM (IST)
Updated Date: Sat, 09 May 2026 06:35 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ : ਬੀਤੀ ਰਾਤ ਸਮਾਣਾ ਦੇ ਘੱਗਾ ਰੋਡ ਤੇ ਸਥਿਤ ਸਤੀ ਮਾਤਾ ਮੰਦਰ ਦੇ ਬਾਹਰ ਟਾਇਰਾਂ ਅਤੇ ਬੈਟਰੀਆਂ ਦੀਆਂ ਦੋ ਦੁਕਾਨਾਂ ’ਚੋਂ ਮੂੰਹ ਢੱਕੇ ਇੱਕ ਅਣਪਛਾਤੇ ਚੋਰ ਵੱਲੋਂ ਗੱਲੇ ਵਿੱਚ ਰੱਖੀ ਕਰੀਬ ਚਾਰ ਲੱਖ ਰੁਪਏ ਦੀ ਨਕਦੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਤੇ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਪਣੀ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਅਧਿਕਾਰੀ ਸਿਟੀ ਪੁਲਿਸ ਦੀ ਏ.ਐੱਸ.ਆਈ.ਰਾਜਬਿੰਦਰ ਕੌਰ ਨੇ ਦੱਸਿਆ ਕਿ ਜਗਦੰਬਾ ਟਾਇਰਜ਼ ਮਾਲਕ ਭੂਸ਼ਣ ਮਿੱਤਲ ਅਨੁਸਾਰ ਸ਼ਨੀਵਾਰ ਨੂੰ ਟਾਇਰਾਂ ਦੀ ਅਦਾਇਗੀ ਕਰਨ ਲਈ ਗੱਲੇ ਵਿੱਚ ਰੱਖੀ 3.50 ਲੱਖ ਤੋਂ 4 ਲੱਖ ਰੁਪਏ ਦੀ ਰਕਮ ਚੋਰੀ ਹੋ ਗਈ ਹੈ। ਚੋਰ ਪਿਛਲੇ ਸ਼ੈੱਡ ਨੂੰ ਤੋੜ ਕੇ ਫ਼ਰਾਰ ਹੋ ਗਏ। ਉਨ੍ਹਾਂ ਨੂੰ ਚੋਰੀ ਬਾਰੇ ਜਾਣਕਾਰੀ ਦੁਕਾਨ ਤੇ ਪੁੱਜਣ ਤੋਂ ਬਾਅਦ ਮਿਲੀ। ਆਵਾਜ਼ ਬੈਟਰੀ ਮਾਲਕ ਧਰਮਪਾਲ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਦੇ ਪਿਛਲੇ ਦਰਵਾਜ਼ੇ ਦੇ ਨਟ ਖੋਲ੍ਹ ਕੇ ਅੰਦਰ ਦਾਖ਼ਲ ਹੋਏ ਅਤੇ ਗੱਲੇ ਵਿਚ ਪਈ ਕਰੀਬ 30-35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਅਧਿਕਾਰੀ ਅਨੁਸਾਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਇੱਕ ਮੂੰਹ ਢੱਕਿਆ ਹੋਇਆ ਚੋਰ ਦੁਕਾਨ ਵਿੱਚ ਦਾਖ਼ਲ ਹੁੰਦਾ ਦਿਖਾਈ ਦਿੱਤਾ, ਜਿਸ ਨੇ ਸਿੱਧਾ ਗੱਲੇ ਵਿੱਚੋਂ ਨਕਦੀ ਅਤੇ ਚੈੱਕ ਵਗੈਰਾ ਚੋਰੀ ਕੀਤੇ। ਦੁਕਾਨ ਅੰਦਰ ਦਾਖ਼ਲ ਹੋਣ ਤੋਂ ਬਾਅਦ ਉਸ ਨੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਸਨ। ਪੁਲਿਸ ਵੱਲੋਂ ਇਲਾਕੇ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।