ਗੁੰਮ ਹੋਇਆ ਬੱਚਾ ਮਾਪਿਆਂ ਨਾਲ ਮਿਲਾਇਆ
ਸੰਗਤ ਵਿੱਚੋਂ ਵਿਛੜਿਆ ਬੱਚਾ ਕਾਰ ਨੰਬਰ ਦੀ ਮਦਦ ਨਾਲ ਮਾਪਿਆਂ ਨਾਲ ਮਿਲਾਇਆ
Publish Date: Wed, 15 Apr 2026 06:11 PM (IST)
Updated Date: Wed, 15 Apr 2026 06:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਇਕ ਸ਼ਰਧਾਲੂ ਪਰਿਵਾਰ ਲਈ ਉਸ ਵੇਲੇ ਭਾਰੀ ਮੁਸ਼ਕਲ ਖੜ੍ਹੀ ਹੋ ਗਈ, ਜਦੋਂ ਸੰਗਤ ਦੇ ਭਾਰੀ ਇਕੱਠ ਦੌਰਾਨ ਉਨ੍ਹਾਂ ਦਾ ਬੱਚਾ ਅਚਾਨਕ ਲਾਪਤਾ ਹੋ ਗਿਆ। ਪਰ ਫਤਹਿਗੜ੍ਹ ਸਾਹਿਬ ਟ੍ਰੈਫਿਕ ਪੁਲਿਸ ਦੀ ਮੁਸਤੈਦੀ ਤੇ ਆਧੁਨਿਕ ਤਕਨੀਕ ਦੀ ਵਰਤੋਂ ਸਦਕਾ ਬੱਚੇ ਨੂੰ ਕੁਝ ਹੀ ਸਮੇਂ ਵਿੱਚ ਸੁਰੱਖਿਅਤ ਪਰਿਵਾਰ ਨਾਲ ਮਿਲਾ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਏਐਸਆਈ ਰਾਜਵਿੰਦਰ ਸਿੰਘ ਚੀਮਾ ਅਤੇ ਏਐਸਆਈ ਕਪਿਲ (ਟ੍ਰੈਫਿਕ ਪੁਲਿਸ) ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਡਿਊਟੀ ਤੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਕੋਲ ਇੱਕ ਬੱਚਾ ਰੋਂਦਾ ਹੋਇਆ ਆਇਆ। ਪੁਲਿਸ ਮੁਲਾਜ਼ਮਾਂ ਵੱਲੋਂ ਪਿਆਰ ਨਾਲ ਪੁੱਛਣ ਤੇ ਬੱਚੇ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਤਕਨੀਕੀ ਮਦਦ ਲਈ। ਬੱਚੇ ਕੋਲੋਂ ਮਿਲੀ ਜਾਣਕਾਰੀ ਅਤੇ ਪਰਿਵਾਰ ਦੀ ਕਾਰ ਦੇ ਨੰਬਰ ਰਾਹੀਂ ਡਾਟਾ ਚੈੱਕ ਕਰਕੇ ਪੁਲਿਸ ਨੇ ਤੁਰੰਤ ਮਾਪਿਆਂ ਦਾ ਸੰਪਰਕ ਨੰਬਰ ਹਾਸਲ ਕਰ ਲਿਆ। ਪਰਿਵਾਰ ਨੇ ਜਤਾਇਆ ਪੁਲਿਸ ਦਾ ਧੰਨਵਾਦ ਸੰਪਰਕ ਹੋਣ ਤੋਂ ਤੁਰੰਤ ਬਾਅਦ ਮਾਪੇ ਮੌਕੇ ਤੇ ਪਹੁੰਚੇ ਅਤੇ ਆਪਣੇ ਜਿਗਰ ਦੇ ਟੁਕੜੇ ਨੂੰ ਸਹੀ-ਸਲਾਮਤ ਦੇਖ ਕੇ ਉਨ੍ਹਾਂ ਦੀ ਜਾਨ ਵਿੱਚ ਜਾਨ ਆਈ। ਪਰਿਵਾਰ ਨੇ ਫਤਹਿਗੜ੍ਹ ਸਾਹਿਬ ਪੁਲਿਸ, ਖਾਸ ਕਰਕੇ ਏਐਸਆਈ ਰਾਜਵਿੰਦਰ ਸਿੰਘ ਚੀਮਾ ਅਤੇ ਮਹਿਲਾ ਕਾਂਸਟੇਬਲ ਦਾ ਤਹਿ ਧੰਨਵਾਦ ਕੀਤਾ।