ਮੁੱਖ ਮੰਤਰੀ ਦੇ ਬਿਆਨਾਂ ਨਾਲ ਪੰਜਾਬ ਦੀ ਛਵੀ ਨੂੰ ਹੋਇਆ ਨੁਕਸਾਨ: ਨਾਗਰਾ, ਰਾਮਗੜ੍ਹ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਰਾਹੀਂ ਪੰਜਾਬ ਦੇ ਗਵਰਨਰ ਦੇ ਨਾਮ ਇਕ ਮੰਗ ਪੱਤਰ ਸੌਂਪਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਹਾਰ ’ਤੇ ਸਖ਼ਤ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ 1 ਮਈ ਨੂੰ ਮਜ਼ਦੂਰ ਦਿਵਸ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼਼ ਸੈਸ਼ਨ ਦੌਰਾਨ ਜੋ ਕੁੱਝ ਵਾਪਰਿਆ, ਉਹ ਸਿਰਫ਼ ਸ਼ਰਮਨਾਕ ਹੀ ਨਹੀਂ, ਸਗੋਂ ਪੰਜਾਬ ਦੇ ਲੋਕਤੰਤਰ ’ਤੇ ਕਾਲਾ ਦਾਗ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨਸ਼ੇ ਦੀ ਹਾਲਤ ਵਿਚ ਹਾਊਸ ਵਿਚ ਪਹੁੰਚੇ ਤੇ ਉਨ੍ਹਾਂ ਦੀ ਹਾਲਤ ਐਸੀ ਸੀ ਕਿ ਉਹ ਢੰਗ ਨਾਲ ਬੋਲਣ ਜਾਂ ਖੜ੍ਹੇ ਹੋਣ ਵਿਚ ਵੀ ਅਸਮਰੱਥ ਦਿਖੇ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਜ਼ਿਲ੍ਹਾ ਪ੍ਰਧਾਨ ਰਾਮਗੜ੍ਹ ਨੇ ਕਿਹਾ ਕਿ ਇਸ ਘਟਨਾ ਨੇ ਸਾਰੀ ਦੁਨੀਆ ਵਿਚ ਪੰਜਾਬ ਦੀ ਬੇਇਜ਼ਤੀ ਕਰਵਾਈ ਹੈ। ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਤੱਕ ਇਹ ਵੀਡੀਓ ਪਹੁੰਚ ਚੁੱਕੀਆਂ ਹਨ ਅਤੇ ਹਰ ਪਾਸੇ ਪੰਜਾਬ ਸਰਕਾਰ ਦੀ ਹਾਸੀ ਉਡਾਈ ਜਾ ਰਹੀ ਹੈ। ਇਹ ਕਿਸੇ ਵੀ ਕੀਮਤ ’ਤੇ ਬਰਦਾਸ਼ਤਯੋਗ ਨਹੀਂ। ਉਨ੍ਹਾਂ ਸਪੀਕਰ ਵੱਲੋਂ ਤੁਰੰਤ ਐਲਕੋਹਲ ਟੈਸਟ ਨਾ ਕਰਵਾਉਣ ’ਤੇ ਵੀ ਸਖ਼ਤ ਨਾਰਾਜ਼ਗੀ ਜਤਾਈ ਅਤੇ ਇਸਨੂੰ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਕੁਲਜੀਤ ਸਿੰਘ ਨਾਗਰਾ ਅਤੇ ਸੁਰਿੰਦਰ ਸਿੰਘ ਰਾਮਗੜ੍ਹ ਨੇ ਗਵਰਨਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਮੁੱਖ ਮੰਤਰੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਦੇ ਮਾਮਲਿਆਂ ’ਤੇ ਕਾਰਵਾਈ ਨਾ ਹੋਈ ਤਾਂ ਇਹ ਗ਼ਲਤ ਪਰੰਪਰਾ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਇਸ ਮਾਮਲੇ ’ਤੇ ਚੁੱਪ ਰਹੀ ਤਾਂ ਕਾਂਗਰਸ ਪਾਰਟੀ ਸੜਕਾਂ ’ਤੇ ਉਤਰ ਕੇ ਵੱਡਾ ਸੰਘਰਸ਼ ਕਰੇਗੀ ਅਤੇ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਏਗੀ। ਇਸ ਮੌਕੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲਾ, ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ, ਕੁਲਵੰਤ ਸਿੰਘ ਢਿੱਲੋਂ, ਬਲਾਕ ਪ੍ਰਧਾਨ ਖਮਾਣੋ ਸਰਬਜੀਤ ਸਿੰਘ ਜੀਤੀ, ਬਲਾਕ ਪ੍ਰਧਾਨ ਅਮਲੋਹ ਸਿੰਗਾਰਾ ਸਿੰਘ ਸਲਾਣਾ, ਬਲਾਕ ਪ੍ਰਧਾਨ ਗੋਬਿੰਦਗੜ੍ਹ ਸੰਜੀਵ ਦੱਤਾ, ਅਮਨਦੀਪ ਸਿੰਘ ਢੋਲੇਵਾਲ, ਡਾ. ਨਰੇਸ਼ ਚੌਹਾਨ, ਹਰਪ੍ਰੀਤ ਸਿੰਘ ਸੋਨੀ, ਨਾਜਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ ਸੇਵਾ ਦਲ ਗੁਰਚਰਨ ਸਿੰਘ ਚੰਨੀ, ਧਰਮਿੰਦਰ ਸਿੰਘ ਨਬੀਪੁਰ, ਵਿਸਾਖੀ ਰਾਮ ਸਾਬਕਾ ਕੌਸਲਰ, ਨੱਥੂ ਰਾਮ ਜ਼ਿਲ੍ਹਾ ਮੀਤ ਪ੍ਰਧਾਨ, ਹਰਮਨਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਾਕ ਪ੍ਰਧਾਨ ਖੇੜਾ ਕਿਸਾਨ ਸੈੱਲ ਗੁਰਜੰਟ ਸਿੰਘ ਸਲੇਮਪੁਰ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬੀਬੀਪੁਰ, ਸਾਬਕਾ ਸਰਪੰਚ ਅਮਰੀਕ ਸਿੰਘ ਨਲੀਨਾ, ਸਾਬਕਾ ਸਰਪੰਚ ਮਲਕੀਤ ਸਿੰਘ, ਮਨਤੇਜ਼ ਸਿੰਘ, ਮੇਵਾ ਸਿੰਘ ਧਨੌਲਾ, ਰਾਜੀਵ ਸ਼ਰਮਾ, ਸੰਤ ਰਾਮ ਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।