ਦਵਾਈਆਂ ਦੀ ਆਨਲਾਈਨ ਵਿਕਰੀ ’ਤੇ ਭੜਕੇ ਕੈਮਿਸਟ
ਦਵਾਈਆਂ ਦੀ ਆਨ ਲਾਈਨ ਵਿਕਰੀ ਤੇ ਭੜਕੇ ਕੈਮਿਸਟ
Publish Date: Tue, 05 May 2026 05:00 PM (IST)
Updated Date: Wed, 06 May 2026 04:06 AM (IST)

20 ਮਈ ਨੂੰ ਭਾਰਤ ਬੰਦ ਦਾ ਕੀਤਾ ਐਲਾਨ ਕੈਮਿਸਟਾਂ ਨੇ ਸੰਸਦ ਮੈਂਬਰ ਮੀਤ ਹੇਅਰ ਨੂੰ ਸੌਂਪਿਆ ਮੰਗ ਪੱਤਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਦਵਾਈਆਂ ਦੀ ਆਨਲਾਈਨ ਵਿਕਰੀ ਦੇ ਗੈਰ-ਕਾਨੂੰਨੀ ਸੰਚਾਲਨ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਮਨਮਾਨੀਆਂ ਨੀਤੀਆਂ ਦੇ ਖ਼ਿਲਾਫ਼ ਦੇਸ਼ ਭਰ ਦੇ ਦਵਾਈ ਵਿਕਰੇਤਾਵਾਂ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਸੰਗਰੂਰ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਨੇ ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਨੂੰ ਇਕ ਮੰਗ ਪੱਤਰ ਸੌਂਪਕੇ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ ਹੈ। ਕੈਮਿਸਟਾਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਮਈ 2026 ਨੂੰ ਦੇਸ਼ ਭਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਲੋਕ ਸਿਹਤ ਨਾਲ ਖਿਲਵਾੜ ਦੇ ਦੋਸ਼ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਤੇ ਜਨਰਲ ਸਕੱਤਰ ਰਾਜੀਵ ਜੈਨ ਨੇ ਆਨਲਾਈਨ ਦਵਾਈ ਪਲੇਟਫਾਰਮਾਂ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਬਿਨਾਂ ਕਿਸੇ ਸਖ਼ਤ ਨਿਯਮਾਂ ਦੇ ਕੰਮ ਕਰ ਰਹੇ ਹਨ, ਜਿਸ ਨਾਲ ਨਾ ਸਿਰਫ਼ ਵਪਾਰ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਆਮ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ। ਆਨਲਾਈਨ ਦਵਾਈਆਂ ਦੀ ਵਿਕਰੀ ਸਮੇਂ ਅਸਲ ਪਰਚੀਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਉਨ੍ਹਾਂ ਆਖਿਆ ਕਿ ਡਾਕਟਰੀ ਪਰਚੀਆਂ ਦੀ ਤਸਦੀਕ ਨਾ ਹੋਣ ਕਾਰਨ ਐਂਟੀਬਾਇਓਟਿਕਸ ਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਵਧ ਰਹੀ ਹੈ। ਫਾਰਮਾਸਿਸਟ ਤੇ ਮਰੀਜ਼ ਵਿਚਕਾਰ ਸਿੱਧਾ ਸੰਪਰਕ ਨਾ ਹੋਣ ਤੇ ਦਵਾਈਆਂ ਦੇ ਗਲਤ ਭੰਡਾਰਨ ਕਾਰਨ ਨਕਲੀ ਦਵਾਈਆਂ ਦਾ ਖ਼ਤਰਾ ਬਣਿਆ ਹੋਇਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਪਰਚੀਆਂ ’ਤੇ ਪਾਬੰਦੀਸ਼ੁਦਾ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜੋ ਜਨਤਕ ਸਿਹਤ ਲਈ ਘਾਤਕ ਹਨ। ਕੈਮਿਸਟਾਂ ਦਾ ਕਹਿਣਾ ਹੈ ਕਿ ਵੱਡੇ ਕਾਰਪੋਰੇਟ ਘਰਾਣੇ ਪ੍ਰੀਡੇਟਰੀ ਪ੍ਰਾਈਸਿੰਗ (ਭਾਰੀ ਛੋਟ) ਰਾਹੀਂ ਛੋਟੇ ਤੇ ਦਰਮਿਆਨੇ ਕੈਮਿਸਟਾਂ ਨੂੰ ਬਾਜ਼ਾਰ ਵਿੱਚੋਂ ਬਾਹਰ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਕੈਮਿਸਟ ਪੇਂਡੂ ਤੇ ਅਰਧ-ਸ਼ਹਿਰੀ ਖੇਤਰਾਂ ਵਿਚ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ। ਜੇਕਰ ਇਹ ਖ਼ਤਮ ਹੋ ਗਏ ਤਾਂ ਭਵਿੱਖ ਵਿਚ ਦਵਾਈਆਂ ਦੀ ਉਪਲਬਧਤਾ ਤੇ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਮੁੱਖ ਮੰਗਾਂ: 1. ਈ-ਫਾਰਮੇਸੀ ਤੇ ਲਗਾਮ: ਗੈਰ-ਕਾਨੂੰਨੀ ਅਤੇ ਅਨਿਯਮਿਤ ਆਨਲਾਈਨ ਪਲੇਟਫਾਰਮਾਂ ਤੇ ਤੁਰੰਤ ਪਾਬੰਦੀ ਲਗਾਈ ਜਾਵੇ। 2. ਪੁਰਾਣੇ ਨਿਯਮਾਂ ਦੀ ਬਹਾਲੀ: ਕੋਵਿਡ-19 ਦੌਰਾਨ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਜਾਵੇ, ਜਿਸ ਦੀ ਆੜ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਛੋਟੇ ਵਪਾਰੀਆਂ ਦੀ ਸੁਰੱਖਿਆ ਲਈ ਕਾਰਪੋਰੇਟ ਕੰਪਨੀਆਂ ਦੀਆਂ ਭਾਰੀ ਛੋਟ ਵਾਲੀਆਂ ਨੀਤੀਆਂ ਨੂੰ ਰੋਕਿਆ ਜਾਵੇ। ਅੰਦੋਲਨ ਦਾ ਅਲਟੀਮੇਟਮ: ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਦੇ ਸੱਦੇ ’ਤੇ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ 20 ਮਈ ਦਾ ਦੇਸ਼ ਵਿਆਪੀ ਬੰਦ ਸਿਰਫ਼ ਸ਼ੁਰੂਆਤ ਹੈ। ਜੇਕਰ ਸਰਕਾਰ ਨੇ ਜਲਦੀ ਦਖਲ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਜੈਬ ਸੈਣੀ ਤੇ ਬਲਵਿੰਦਰ ਬਬਲਾ ਵੀ ਹਾਜ਼ਰ ਸਨ।