ਦਵਾਈਆਂ ਦੀ ਆਨਲਾਈਨ ਵਿੱਕਰੀ ਖ਼ਿਲਾਫ਼ ਕੈਮਿਸਟਾਂ ਨੇ ਖੋਲ੍ਹਿਆ ਮੋਰਚਾ
ਦਵਾਈਆਂ ਦੀ ਆਨਲਾਈਨ ਵਿਕਰੀ ਖਿਲਾਫ ਕੈਮਿਸਟਾਂ ਨੇ ਖੋਲਿਆ ਮੋਰਚਾ
Publish Date: Wed, 29 Apr 2026 04:36 PM (IST)
Updated Date: Thu, 30 Apr 2026 04:05 AM (IST)

3 ਮਈ ਨੂੰ ਜਲੰਧਰ ’ਚ ਹੋਵੇਗੀ ਸੂਬਾ ਪੱਧਰੀ ਵੱਡੀ ਮੀਟਿੰਗ --- ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਅਪਣਾਈਆਂ ਜਾ ਰਹੀਆਂ ਵਪਾਰ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਦੇ ਕੈਮਿਸਟਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਪੰਜਾਬ ਕੈਮਿਸਟ ਐਸੋਸੀਏਸ਼ਨ (ਪੀਸੀਏ) ਦੀ ਤੀਜੀ ਸੂਬਾ ਕਾਰਜਕਾਰਨੀ ਦੀ ਅਹਿਮ ਮੀਟਿੰਗ ਆਗਾਮੀ 3 ਮਈ (ਐਤਵਾਰ) ਨੂੰ ਜਲੰਧਰ ਦੇ ਬਾਈਪਾਸ ਚੌਕ ਸਥਿਤ ਹੋਟਲ ਬੈਂਸਨ ਰੀਜੈਂਸੀ ਵਿਖੇ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਸੂਬੇ ਭਰ ਦੇ ਦਵਾਈ ਵਿਕਰੇਤਾਵਾਂ ਦੀਆਂ ਮੁਸ਼ਕਲਾਂ ਅਤੇ ਭਵਿੱਖ ਦੀ ਰਣਨੀਤੀ ਤੇ ਮੰਥਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਸੀਏ ਮੈਂਬਰ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ ਅਤੇ ਸਕੱਤਰ ਰਾਜੀਵ ਜੈਨ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 20 ਮਈ ਦੇ ਭਾਰਤ ਬੰਦ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਮੀਟਿੰਗ ਦਾ ਮੁੱਖ ਏਜੰਡਾ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਵੱਲੋਂ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਵਿੱਚ 20 ਮਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਫਾਰਮੇਸੀ ਅਤੇ ਵੱਡੀਆਂ ਕੰਪਨੀਆਂ ਵੱਲੋਂ ਘੱਟ ਕੀਮਤਾਂ ਤੇ ਦਵਾਈਆਂ ਵੇਚਣਾ ਛੋਟੇ ਦੁਕਾਨਦਾਰਾਂ ਲਈ ਹੋਂਦ ਦਾ ਸੰਕਟ ਪੈਦਾ ਕਰ ਰਿਹਾ ਹੈ। ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਕਰਨਗੇ। ਇਸ ਦੌਰਾਨ ਮੁੱਖ ਤੌਰ ਤੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਜੀਐਸਆਰ 817 ਅਤੇ ਜੀਐਸਆਰ 220 ਨੂੰ ਵਾਪਸ ਲੈਣ ਦੀ ਮੰਗ, ਪੰਜਾਬ ਦੀ ਡਰੱਗ ਪਾਲਿਸੀ ਵਿੱਚ ਸੋਧ ਅਤੇ ਬਾਜ਼ਾਰ ਵਿੱਚ ਵਿਕਣ ਵਾਲੀਆਂ ਨਕਲੀ ਤੇ ਘਟੀਆ ਦਵਾਈਆਂ ਦੀ ਰੋਕਥਾਮ ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਭਾਗ ਲੈਣਗੇ।