ਅਨਾਜ ਮੰਡੀਆਂ ’ਚ ਕੰਡੇ ਕੀਤੇ ਚੈੱਕ
ਅਨਾਜ ਮੰਡੀਆਂ ਵਿੱਚ ਕੰਡੇ ਕੀਤੇ ਗਏ ਚੈੱਕ
Publish Date: Tue, 14 Apr 2026 06:21 PM (IST)
Updated Date: Tue, 14 Apr 2026 06:24 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਾਡ਼੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਤੇ ਮੰਡੀਆਂ ਵਿਚ ਨਿਰਪੱਖ ਖਰੀਦ ਅਤੇ ਕਿਸਾਨਾਂ ਨੂੰ ਲੁੱਟ ਤੋਂ ਬਚਾਉਣ ਦੇ ਮਕਸਦ ਨਾਲ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਅਧਿਕਾਰੀਆਂ ਵੱਲੋਂ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਆਡ਼੍ਹਤੀਆਂ ਦੇ ਕੰਡੇ ਚੈੱਕ ਕੀਤੇ ਗਏ। ਇਸ ਮੌਕੇ ਸਕੱਤਰ ਅਸ਼ੋਕ ਕੁਮਾਰ ਜਿੰਦਲ ਨੇ ਦੱਸਿਆ ਕਿ ਅੱਜ ਅਨਾਜ ਮੰਡੀ ਦੁੱਧਨਸਾਧਾਂ ’ਚ ਫਰਮਾਂ ਦੇ ਕੰਡੇ ਚੈੱਕ ਕੀਤੇ ਗਏ ਅਤੇ ਜਿਹਨਾਂ ਦਾ ਵੱਧ ਤੋਲ ਆ ਰਿਹਾ ਸੀ ਉਨ੍ਹਾਂ ਫਰਮਾਂ ਨੂੰ 8500 ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ। ਇਸ ਤੋਂ ਇਲਾਵਾ ਜਿਨਾਂ ਫਰਮਾਂ ਦੇ ਤੋਲਿਆਂ ਕੋਲ ਲਾਇਸੈਂਸ ਨਹੀਂ ਸੀ, ਉਹਨਾਂ ਨੂੰ ਵੀ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਕਿਸਾਨਾਂ ਦੀ ਜਿਣਸ ਨੂੰ ਸਹੀ ਤਰੀਕੇ ਨਾਲ ਸਾਂਭਣਾ ਹੈ। ਕਿਸਾਨਾਂ ਦੀ ਕਿਸੇ ਵੀ ਤਰ੍ਹਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਆਡ਼੍ਹਤੀਆਂ ਨੂੰ ਹਦਾਇਤ ਵੀ ਕੀਤੀ ਕਿ ਜੇ ਕਿਸੇ ਆਡ਼ਤੀ ਵੱਲੋਂ ਦੁਬਾਰਾ ਵੱਧ ਜਿਣਸ ਤੋਲੀ ਗਈ ਤਾਂ ਸਬੰਧਤ ਫਰਮ ਦਾ ਲਾਇਸੈਂਸ ਵੀ ਕੈਂਸਲ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਫਸਲ ਸੁੱਕਾ ਕੇ ਹੀ ਮੰਡੀਆਂ ਵਿਚ ਲਿਆਉਣ ਤਾਂ ਕਿ ਉਨ੍ਹਾਂ ਨੂੰ ਅਨਾਜ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਦੇਵੀਗਡ਼੍ਹ, ਦੁਧਨਸਾਧਾਂ,ਭੁਨਰਹੇਡ਼ੀ ਤੋਂ ਇਲਾਵਾ ਬਾਕੀ ਖ੍ਰੀਦ ਕੇਂਦਰਾਂ ਤੇ ਕਿਸਾਨਾਂ ਲਈ ਪਾਣੀ ਅਤੇ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਬਾਰਦਾਨੇ ਦੀ ਵੀ ਕੋਈ ਘਾਟ ਨਹੀਂ ਹੈ। ਇਸ ਮੌਕੇ ਉਨ੍ਹਾਂ ਨਾਲ ਸਾਹਿਲ ਜਿੰਦਲ ਅਕਾਉਂਟੈਂਟ, ਨਵਤੇਜ ਸਿੰਘ ਮੰਡੀ ਸੁਪਰਵਾਈਜ਼ਰ ਆਦਿ ਮੌਜੂਦ ਸਨ।