ਬਾਲ ਮਜ਼ਦੂਰੀ ਰੋਕਣ ਲਈ ਕੀਤੀ ਚੈਕਿੰਗ, 8 ਬੱਚੇ ਬਾਲ ਘਰ ਭੇਜੇ
ਬਾਲ ਮਜ਼ਦੂਰੀ ਰੋਕਣ ਲਈ ਕੀਤੀ ਚੈਕਿੰਗ, 8 ਬੱਚੇ ਬਾਲ ਘਰ ਭੇਜੇ
Publish Date: Thu, 16 Oct 2025 06:27 PM (IST)
Updated Date: Thu, 16 Oct 2025 06:29 PM (IST)

ਫ਼ੋਟੋ ਫ਼ਾਈਲ : 19 ਕੂੜਾ ਚੁਗਦੇ ਮਿਲੇ ਬੱਚੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਨਾਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਜ਼ਿਲ੍ਹੇ ’ਚੋਂ ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਚਲਾਏ ਜਾ ਰਹੇ ਪ੍ਰੋਜੈਕਟ ਜੀਵਨਜੋਤ 2.0 ਅਧੀਨ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਪ੍ਰਧਾਨਗੀ ਹੇਠ ਬਣੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਅਮਲੋਹ ਵਿਖੇ ਚੈਕਿੰਗ ਕੀਤੀ ਅਤੇ ਇਸ ਚੈਕਿੰਗ ਦੌਰਾਨ ਕੂੜਾ ਚੁਗਦੇ ਮਿਲੇ 8 ਬੱਚਿਆਂ (7 ਲੜਕੇ ਤੇ 1 ਲੜਕੀ) ਨੂੰ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਬਾਲ ਘਰਾਂ ਵਿਚ ਭੇਜ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ 14 ਸਾਲ ਤੋਂ ਉਪਰ ਬੱਚਾ ਗੈਰ-ਖਤਰਨਾਕ ਜਗ੍ਹਾ ’ਤੇ ਕੰਮ ਕਰ ਸਕਦਾ ਹੈ ਪਰ ਉਹ ਬੱਚਾ ਸਕੂਲ ਵਿਚ ਵੀ ਜਾਂਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੋਰ ਸ਼ਰਤਾਂ ਪੂਰੀਆਂ ਹੋਣ ਉਪਰੰਤ ਇਸ ਸਬੰਧੀ ਜਾਣਕਾਰੀ ਕਿਰਤ ਵਿਭਾਗ ਵਿਖੇ ਦਰਜ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਜਾਣੇ-ਅਣਜਾਣੇ ਵਿਚ ਬੱਚਿਆਂ ਨੂੰ ਭੀਖ ਦੇ ਕੇ ਮਾਸੂਮ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਭਿੱਖਿਆਵ੍ਰਿਤੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗਾ ਗ੍ਰਹਿਣ ਲਗਾਉਣ ਦੀ ਜਗ੍ਹਾ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨ ਵਿਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣਾ ਯੋਗਦਾਨ ਦੇਣ ਤਾਂ ਜੋ ਬੱਚੇ ਸਿੱਖਿਆ ਦੇ ਮੰਦਰ ਵਿੱਚ ਜਾ ਕੇ ਪੜ੍ਹਾਈ ਦੀ ਤਾਲੀਮ ਹਾਸਲ ਕਰ ਸਕਣ। ਇਸ ਮੌਕੇ ਨੇਹਾ ਸਿੰਗਲਾ ਬਾਲ ਸੁਰੱਖਿਆ ਅਫਸਰ (ਐਨਆਈਸੀ), ਜਗਦੀਪ ਸਿੰਘ ਬੀਪੀਈਓ ਅਮਲੋਹ, ਲਵਲੀਨ ਕੌਰ ਸਬ ਇੰਸਪੈਕਟਰ ਥਾਣਾ ਅਮਲੋਹ, ਪੀਐਚਜੀ ਜੋਧਾ ਰਾਮ ਥਾਣਾ ਅਮਲੋਹ, ਨਰਿੰਦਰ ਕੌਰ ਕੇਸ ਵਰਕਰ, ਖੁਸ਼ਵਿੰਦਰ ਸਿੰਘ ਸੁਪਰਵਾਈਜਰ ਅਤੇ ਮਨਜੋਧ ਸਿੰਘ ਸ਼ੋਸ਼ਲ ਵਰਕਰ ਮੌਜੂਦ ਸਨ।