ਕੇਂਦਰੀ ਮੰਤਰੀ ਪੰਜਾਬ ਲਈ ਵਿਸ਼ੇਸ਼ ਪੈਕਜ ਦਾ ਐਲਾਨ ਕਰਕੇ ਜਾਣ : ਚੰਦੂਮਾਜਰਾ
ਪੰਜਾਬ ਲਈ ਵਿਸ਼ੇਸ਼ ਪੈਕਜ ਦਾ ਐਲਾਨ ਕਰਕੇ ਜਾਣ: ਚੰਦੂਮਾਜਰਾ
Publish Date: Thu, 04 Sep 2025 06:37 PM (IST)
Updated Date: Thu, 04 Sep 2025 06:37 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ਵਿੱਚ ਆਏ ਭਾਰੀ ਹਡ਼੍ਹ ਆਉਣ ਕਾਰਨ ਲਗਭਗ ਅੱਧੇ ਪੰਜਾਬ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ, ਜਿਸ ਕਰਕੇ ਪੰਜਾਬ ਦੀ ਕਿਰਸਾਨੀ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੇਤੀਬਾਡ਼ੀ ਮੰਤਰੀ ਸ਼ਿਵਰਾਜ ਚੌਹਾਨ ਅੱਜ ਵਿਸ਼ੇਸ਼ ਤੌਰ ਤੇ ਪੰਜਾਬ ’ਚ ਪਹੁੰਚੇ ਹਨ, ਜਿਨ੍ਹਾਂ ਨੇ ਗੁਰਦਾਸਪੁਰ, ਸੁਲਤਾਨਪੁਰ ਅਤੇ ਫਿਰੋਜ਼ਪੁਰ ਵਿਖੇ ਜਾ ਕੇ ਖਰਾਬ ਫਸਲਾਂ ਦਾ ਨੁਕਸਾਨ ਵੇਖਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰੇ ’ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਦੇਵੀਗਡ਼੍ਹ ਨੇਡ਼ੇ ਪਿੰਡ ਮਹਿਮੂਦਪੁਰ ਵਿਖੇ ਘੱਗਰ ਦਰਿਆ ਦੇ ਪਾਣੀ ਨਾਲ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਸਮੇਂ ਕਿਹਾ ਕਿ ਕੇਂਦਰੀ ਖੇਤੀਬਾਡ਼ੀ ਮੰਤਰੀ ਅੱਜ ਜੇ ਪੰਜਾਬ ’ਚ ਹਡ਼੍ਹਾਂ ਨਾਲ ਪ੍ਰਭਾਵਿਤ ਫਸਲਾਂ ਦਾ ਜਾਇਜ਼ਾ ਲੈਣ ਆਏ ਹਨ ਤਾਂ ਉਹ ਇਸ ਨੁਕਸਾਨ ਦੀ ਭਰਪਾਈ ਲਈ ਕੋਈ ਵੱਡਾ ਪੈਕਜ ਦਾ ਐਲਾਨ ਕਰਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਦੇਸ਼ ਦੇ ਅੰਨ੍ਹ ਭੰਡਾਰ ’ਚ 70 ਫੀਸਦੀ ਅਨਾਜ ਦਾ ਹਿੱਸਾ ਪਾਉਂਦਾ ਹੈ। ਇਸ ਲਈ ਇਸ ਨੂੰ ਵੱਡੀ ਤੋਂ ਵੱਡੀ ਰਾਹਤ ਦੇ ਮੁਡ਼ ਪੈਰਾਂ ਦੇ ਖਡ਼੍ਹਾ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਉਨ੍ਹਾਂ ਹਡ਼੍ਹ ਨਾਲ ਪ੍ਰਭਾਵਤ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਉਨ੍ਹਾਂ ਨਾਲ ਇਸ ਔਖੀ ਘਡ਼ੀ ਵਿਚ ਖਡ਼ਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਗਜੀਤ ਸਿੰਘ ਕੋਹਲੀ, ਤਰਸੇਮ ਸਿੰਘ ਕੋਟਲਾ, ਗੁਰਦੀਪ ਸਿੰਘ ਦੇਵੀਨਗਰ, ਸਤਨਾਮ ਸਿੰਘ ਤੇ ਫੱਤਾ ਨੰਦਗਡ਼੍ਹ, ਰਾਜ ਕੁਮਾਰ ਸੈਣੀ ਖਰਾਬਗਡ਼੍ਹ, ਪਰਮਜੀਤ ਸਿੰਘ ਮਹਿਮੂਦਪੁਰ, ਗੁਰਜੀਤ ਸਿੰਘ ਉਪਲੀ, ਮਲਕੀਤ ਸਿੰਘ ਤੇ ਰਿੰਕੂ ਜੁਲਾਹਖੇਡ਼ੀ, ਸੁਖਵਿੰਦਰ ਸਿੰਘ ਲਾਲੀ, ਹਰਚੰਦ ਸਿੰਘ ਮਹਿਮੂਦਪੁਰ, ਜੋਬਨ ਘਡ਼ਾਮ ਆਦਿ ਹਾਜ਼ਰ ਸਨ।