ਚੇਅਰਮੈਨ ਹਰਪਾਲ ਜੁਨੇਜਾ ਨੇ ਸੰਗਰੂਰ ਬੱਸ ਅੱਡੇ ਦੀ ਕੀਤੀ ਚੈਕਿੰਗ
ਚੇਅਰਮੈਨ ਹਰਪਾਲ ਜੁਨੇਜਾ ਨੇ ਸੰਗਰੂਰ ਬੱਸ ਅੱਡੇ ਦੀ ਅਚਨਚੇਤ ਚੈਕਿੰਗ ਕੀਤੀ
Publish Date: Sat, 25 Apr 2026 04:24 PM (IST)
Updated Date: Sun, 26 Apr 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸ਼ਨਿੱਚਰਵਾਰ ਨੂੰ ਸੰਗਰੂਰ ਡਿਪੂ ਅਤੇ ਸਥਾਨਕ ਬੱਸ ਅੱਡੇ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਡਿਪੂ ਦੇ ਕਰਮਚਾਰੀਆਂ ਨਾਲ ਸਮੁੱਚੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ, ਜਿਸ ਵਿੱਚ ਨਵੇਂ ਰੂਟਾਂ ਦੀ ਸ਼ੁਰੂਆਤ, ਰੋਜ਼ਾਨਾ ਆਮਦਨ ਅਤੇ ਕੇਐੱਮਪੀਐੱਲ ਕਿਲੋਮੀਟਰ ਪ੍ਰਤੀ ਲੀਟਰ ਦੀ ਸਥਿਤੀ ਸ਼ਾਮਲ ਰਹੀ। ਇਸ ਮੌਕੇ ਉਨ੍ਹਾਂ ਨੇ ਪ੍ਰਸ਼ਾਨਿਕ ਅਧਿਕਾਰੀਆਂ ਅਤੇ ਹੋਰ ਸਟਾਫ ਨੂੰ ਹੋਰ ਸੁਧਾਰ ਲਿਆਉਣ ਲਈ ਵੀ ਆਦੇਸ਼ ਦਿੱਤੇ। ਚੇਅਰਮੈਨ ਨੇ ਸਵਾਰੀਆਂ, ਕੰਡਕਟਰਾਂ ਤੇ ਡਰਾਈਵਰਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਚੈਕਿੰਗ ਦੌਰਾਨ ਸੰਗਰੂਰ ਬੱਸ ਅੱਡੇ ਵਿੱਚ ਸਾਫ-ਸਫਾਈ ਦੇ ਪ੍ਰਬੰਧਾਂ, ਵਾਸ਼ਰੂਮਾਂ ਦੀ ਸਥਿਤੀ ਅਤੇ ਬੱਸਾਂ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਸੁਵਿਧਾਜਨਕ, ਸੁਰੱਖਿਅਤ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਪੀਆਰਟੀਸੀ ਦੀ ਮੁੱਖ ਪਹਿਲ ਹੈ। ਉਨ੍ਹਾਂ ਕਿਹਾ ਕਿ ਸਟਾਫ ਦੇ ਸਬੰਧਤ ਕਰਮਚਾਰੀਆਂ ਨੂੰ ਬੱਸਾਂ ਦੀ ਮੁਰੰਮਤ, ਸਮੇਂ ਦੀ ਪਾਬੰਦੀ ਅਤੇ ਸਫਾਈ ਪ੍ਰਬੰਧਾਂ ’ਤੇ ਖਾਸ ਧਿਆਨ ਦੇਣ ਤੇ ਜ਼ੋਰ ਨਾਲ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਟਾਫ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਨਤਾ ਵੱਲੋ ਪ੍ਰਾਪਤ ਲਿਖਤੀ ਜਾਂ ਜੁਬਾਨੀ ਸ਼ਿਕਾਇਤਾਂ ਦਾ ਵੀ ਤੁਰੰਤ ਤੋਰ ਤੇ ਹੱਲ ਕੀਤਾ ਜਾਵੇ। ਚੇਅਰਮੈਨ ਨੇ ਇਸੇ ਦੌਰਾਨ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਯਕੀਨ ਦਵਾਇਆ ਕਿ ਪੀਆਰਟੀਸੀ ਦੀ ਕਾਰਗੁਜ਼ਾਰੀ ਵਿੱਚ ਨਿਰੰਤਰ ਸੁਧਾਰ ਲਈ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਗਰੇਵਾਲ ਅਤੇ ਜਨਰਲ ਮੈਨੇਜਰ ਸੰਗਰੂਰ ਮਨਿੰਦਰਪਾਲ ਸਿੱਧੂ ਹਾਜਰ ਸਨ।