ਬਾਰਿਸ਼ ਨਾਲ ਪ੍ਰਭਾਵਿਤ ਕਣਕ ਦੇ ਸੈਂਪਲ ਲੈਣ ਸੰਗਰੂਰ ਪੁੱਜੀ ਕੇਂਦਰੀ ਟੀਮ
ਬਾਰਿਸ਼ ਨਾਲ ਪ੍ਰਭਾਵਿਤ ਕਣਕ ਦੇ ਸੈਂਪਲ ਲੈਣ ਸੰਗਰੂਰ ਪੁੱਜੀ ਕੇਂਦਰੀ ਟੀਮ
Publish Date: Tue, 14 Apr 2026 04:59 PM (IST)
Updated Date: Wed, 15 Apr 2026 04:04 AM (IST)

ਸੰਗਰੂਰ ਤੇ ਮਾਲੇਰਕੋਟਲਾ ਮੰਡੀਆਂ ਦਾ ਕੀਤਾ ਦੌਰਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਸਮੇਂ ਹੋਈ ਬੇਮੌਸਮੀ ਬਾਰਿਸ਼ ਨੇ ਕਣਕ ਦੀ ਫਸਲ ’ਤੇ ਪਏ ਅਸਰ ਕਾਰਨ ਸਰਕਾਰੀ ਖ਼ਰੀਦ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਫ਼ਸਲਾਂ ਦੇ ਹੋਏ ਕਥਿਤ ਨੁਕਸਾਨ ਦੇ ਮੁਲਾਂਕਣ ਲਈ ਭਾਰਤ ਸਰਕਾਰ ਦੇ ਉਪਭੋਗਤਾ ਮਾਮਲੇ, ਖਾਦ ਤੇ ਜਨਤਕ ਵੰਡ ਮੰਤਰਾਲੇ ਦੇ ਖਾਦ ਤੇ ਜਨਤਕ ਵੰਡ ਵਿਭਾਗ (ਭੰਡਾਰਨ ਅਤੇ ਰਿਸਰਚ ਡਿਵੀਜ਼ਨ) ਵੱਲੋਂ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ। 2 ਮੈਂਬਰੀ ਟੀਮ ਨੇ ਰਾਜ ਸਰਕਾਰ ਦੇ ਪ੍ਰਤੀਨਿਧੀਆਂ ਅਤੇ ਜ਼ਿਲ੍ਹਾ ਖਾਦ ਤੇ ਸਪਲਾਈ ਕੰਟਰੋਲਰ ਮੇਜਰ ਗੁਰਪ੍ਰੀਤ ਸਿੰਘ ਕੰਗ ਨਾਲ ਮਿਲ ਕੇ ਭਵਾਨੀਗੜ੍ਹ, ਸੰਗਰੂਰ ਅਤੇ ਧੂਰੀ ਦੀਆਂ ਮੰਡੀਆਂ ਦਾ ਨਿਰੀਖਣ ਕੀਤਾ। ਇਨ੍ਹਾਂ ਟੀਮਾਂ ਦਾ ਮੁੱਖ ਉਦੇਸ਼ ਬਾਰਿਸ਼ ਨਾਲ ਪ੍ਰਭਾਵਿਤ ਕਣਕ ਦੀ ਗੁਣਵੱਤਾ ਦੀ ਜਾਂਚ ਕਰਨਾ ਅਤੇ ਖਰੀਦ ਨਿਯਮਾਂ ਵਿੱਚ ਸੰਭਾਵਿਤ ਛੂਟ ਬਾਰੇ ਫੈਸਲਾ ਲੈਣਾ ਹੈ। ਟੀਮ ਨੇ ਹਰੇਕ ਮੰਡੀ ਵਿੱਚੋ ਵੱਖ-ਵੱਖ ਕਣਕ ਦੀਆਂ ਢੇਰੀਆਂ ਵਿਚੋਂ ਤਿੰਨ ਤੋਂ ਪੰਜ ਸੈਂਪਲ ਇਕੱਠੇ ਕਰਕੇ ਆਪਣੇ ਨਾਲ ਲੈ ਗਈ। ਜ਼ਿਲ੍ਹਾ ਖਾਦ ਤੇ ਸਪਲਾਈ ਕੰਟਰੋਲਰ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਕੇਂਦਰ ਸਰਕਾਰ ਕੋਲ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਨਿਯਮਾਂ ਵਿਚ ਢਿੱਲ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੀ ਬਾਰਿਸ਼ ਅਤੇ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਅਚਾਨਕ ਵਧੇ ਤਾਪਮਾਨ ਕਾਰਨ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਕੁਝ ਸਮਾਂ ਪਹਿਲਾਂ ਹੋਈ ਬਾਰਿਸ਼ ਕਾਰਨ ਕਣਕ ਵਿੱਚ ਨਮੀ ਵੱਧ ਗਈ ਹੈ, ਕਈ ਥਾਵਾਂ ‘ਤੇ ਦਾਣੇ ਸੁੰਘੜ ਗਏ ਹਨ ਅਤੇ ਉਨ੍ਹਾਂ ਦੀ ਚਮਕ ਘੱਟ ਹੋਣ ਨਾਲ ਰੰਗ ਵੀ ਫਿੱਕਾ ਪੈ ਗਿਆ ਹੈ। ਟੀਮ ਵੱਲੋਂ ਇਕੱਠੇ ਕੀਤੇ ਸੈਂਪਲਾਂ ਦੀ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਖਾਸ ਤੌਰ ’ਤੇ ਕਣਕ ਵਿੱਚ ਨਮੀ ਦੀ ਮਾਤਰਾ, ਦਾਣਿਆਂ ਦੀ ਗੁਣਵੱਤਾ ਤੇ ਹੋਰ ਤਕਨੀਕੀ ਮਾਪਦੰਡਾਂ ਦੀ ਜਾਂਚ ਹੋਵੇਗੀ, ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਖਰੀਦ ਨਿਯਮਾਂ ਵਿੱਚ ਕਿੰਨੀ ਅਤੇ ਕਿਸ ਤਰ੍ਹਾਂ ਦੀ ਛੂਟ ਦਿੱਤੀ ਜਾ ਸਕਦੀ ਹੈ। ਖਰੀਦ ਨਾ ਹੋਣ ਕਾਰਨ ਕਿਸਾਨਾਂ ’ਚ ਰੋਸ, ਮੰਡੀਆਂ ’ਚ ਲੱਗੇ ਅੰਬਾਰ ਕਿਸਾਨ ਕਈ ਦਿਨਾਂ ਤੋਂ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਬੈਠੇ ਹਨ। ਸੰਗਰੂਰ, ਭਵਾਨੀਗੜ੍ਹ, ਦਿੜਬਾ, ਸੁਨਾਮ ਸਮੇਤ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ‘ਤੇ 5 ਅਪ੍ਰੈਲ ਤੋਂ ਫਸਲ ਦੀ ਆਮਦ ਸ਼ੁਰੂ ਹੋ ਗਈ ਸੀ, ਪਰ ਖਰੀਦ ਪ੍ਰਕਿਰਿਆ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਬਾਰਿਸ਼ ਕਾਰਨ ਫਸਲ ਪਹਿਲਾਂ ਹੀ ਨੁਕਸਾਨੀ ਹੋ ਚੁੱਕੀ ਹੈ ਤੇ ਜੇ ਖਰੀਦ ਵਿੱਚ ਦੇਰੀ ਹੋਈ ਤਾਂ ਆਰਥਿਕ ਨੁਕਸਾਨ ਹੋਰ ਵੱਧੇਗਾ। ਹਾਲਾਤ ਇਹ ਹਨ ਕਿ ਫਸਲ ਨਾ ਵਿਕਣ ਕਾਰਨ ਕਿਸਾਨਾਂ ਨੂੰ ਰਾਤ ਨੂੰ ਮੰਡੀਆਂ ਵਿੱਚ ਆਪਣੀ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ। ਅਧਿਕਾਰੀਆਂ ਨੇ ਕਿਸਾਨਾਂ ਨੂੰ ਦਿਲਾਸਾ ਦਿੱਤਾ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਖਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ। ਜੇ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਲੋੜੀਂਦੀ ਢਿੱਲ ਮਿਲਦੀ ਹੈ ਤਾਂ ਪ੍ਰਭਾਵਿਤ ਕਣਕ ਦੀ ਵੀ ਖਰੀਦ ਸੰਭਵ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਢਿੱਲ ਤੋਂ ਬਿਨਾਂ ਖਰੀਦ ਕਰਨਾ ਸੰਭਵ ਨਹੀਂ, ਕਿਉਂਕਿ ਨਿਯਮਾਂ ਦੇ ਉਲਟ ਕੀਤੀ ਖਰੀਦ ਦੀ ਜ਼ਿੰਮੇਵਾਰੀ ਉਨ੍ਹਾਂ ‘ਤੇ ਆਉਂਦੀ ਹੈ।