ਆਪਣੀਆਂ ਵਿਦੇਸ਼ ਤੇ ਆਰਥਿਕ ਨੀਤੀਆਂ ਛੁਪਾ ਰਹੀ ਕੇਂਦਰ ਸਰਕਾਰ : ਸੀਐੱਮ ਮਾਨ
ਆਪਣੀਆਂ ਵਿਦੇਸ਼ ਅਤੇ ਆਰਥਿਕ ਨੀਤੀਆਂ ਛੁਪਾ ਰਹੀ ਕੇਂਦਰ ਸਰਕਾਰ:ਸੀਐੱਮ ਮਾਨ
Publish Date: Tue, 19 May 2026 07:10 PM (IST)
Updated Date: Wed, 20 May 2026 04:07 AM (IST)

ਫੋਟੋ–26ਕੈਪਸ਼ਨ–ਪਿੰਡ ਸਤੌਜ ਵਿੱਚ ਗੱਲਬਾਤ ਕਰਦੇ ਹੋਏ ਸੀਐੱਮ ਭਗਵੰਤ ਸਿੰਘ ਮਾਨ। ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਾੜੀ ਯੁੱਧ ਦੇ ਹਾਲਾਤ ਦਾ ਇਸਤੇਮਾਲ ਆਪਣੀਆਂ ਵਿਦੇਸ਼ ਤੇ ਆਰਥਿਕ ਨੀਤੀਆਂ ਦੀ ਨਾਕਾਮੀ ਨੂੰ ਛੁਪਾਉਣ ਲਈ ਕਰ ਰਹੀ ਹੈ। ਦੇਸ਼ ਨੂੰ ਜਾਣਬੁੱਝ ਕੇ ਅਣ-ਐਲਾਨੇ ਲਾਕਡਾਊਨ ਵਰਗੀ ਸਥਿਤੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਲੋਕਾਂ ਨੂੰ ਪੈਟਰੋਲ, ਡੀਜ਼ਲ, ਗੈਸ ਤੇ ਸੋਨੇ ਦੀ ਖਰੀਦ ਵਿੱਚ ਸੰਜਮ ਵਰਤਣ ਦੀ ਅਪੀਲ ਕਰ ਰਹੀ ਹੈ, ਜਦਕਿ ਦੁਨੀਆ ਦੇ ਕਿਸੇ ਹੋਰ ਪ੍ਰਭਾਵਿਤ ਦੇਸ਼ ਨੇ ਆਪਣੇ ਨਾਗਰਿਕਾਂ ਨੂੰ ਅਜਿਹੀ ਅਪੀਲ ਨਹੀਂ ਕੀਤੀ। ਲੋਕਾਂ ’ਚ ਡਰ ਫੈਲਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਦੇਸ਼ ਨੂੰ ਤੇਲ, ਐੱਲਪੀਜੀ ਤੇ ਹੋਰ ਜ਼ਰੂਰੀ ਵਸਤੂਆਂ ਦੇ ਭੰਡਾਰ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ‘ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੋ ਕਦੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਦਾਅਵਾ ਕਰਦਾ ਸੀ, ਉਸ ਨੇ ਹੁਣ ਦੇਸ਼ ਨੂੰ ਵਿਸ਼ਵ ਚੇਲਾ ਬਣਾ ਦਿੱਤਾ ਹੈ। ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਛੋਟੇ ਤੋਂ ਛੋਟੇ ਫ਼ੈਸਲੇ ਲਈ ਵੀ ਅਮਰੀਕਾ ਵਿਚ ਬੈਠੇ ਆਪਣੇ ਦੋਸਤਾਂ ਵੱਲ ਤੱਕਦੀ ਹੈ। ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦਾ ਫਾਇਦਾ ਆਮ ਲੋਕਾਂ ਨੂੰ ਨਹੀਂ, ਸਗੋਂ ਉਨ੍ਹਾਂ ਦੇ ਉਦਯੋਗਪਤੀ ਦੋਸਤਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਗਾਤਾਰ ਵਿਦੇਸ਼ ਯਾਤਰਾਵਾਂ ਕਰਦੇ ਹਨ ਪਰ ਦੇਸ਼ ਵਾਸੀਆਂ ਨੂੰ ਵਿਦੇਸ਼ ਯਾਤਰਾ ਤੋਂ ਬਚਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪਿਛਲੇ 14 ਸਾਲਾਂ ’ਚ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਨਾਲ ਦੇਸ਼ ਨੂੰ ਕੀ ਉਪਲਬਧੀਆਂ ਮਿਲੀਆਂ, ਇਸ ਬਾਰੇ ਕਦੇ ਸੰਸਦ ਜਾਂ ਲੋਕਾਂ ਸਾਹਮਣੇ ਜਾਣਕਾਰੀ ਨਹੀਂ ਰੱਖੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਆਪਣੇ ਉਦਯੋਗਪਤੀ ਦੋਸਤਾਂ ਨੂੰ ਵਿਦੇਸ਼ ਦੌਰਿਆਂ ’ਤੇ ਨਾਲ ਲੈ ਜਾ ਕੇ ਉਨ੍ਹਾਂ ਨੂੰ ਨਿਵੇਸ਼ ਤੇ ਵਪਾਰਕ ਮੌਕੇ ਮੁਹੱਈਆ ਕਰਵਾਉਂਦੇ ਹਨ, ਜਿਸ ਕਾਰਨ ਕੁਝ ਚੁਣੇ ਹੋਏ ਉਦਯੋਗਪਤੀ ਲਗਾਤਾਰ ਅਮੀਰ ਹੁੰਦੇ ਜਾ ਰਹੇ ਹਨ, ਜਦਕਿ ਆਮ ਲੋਕ ਆਰਥਿਕ ਬੋਝ ਹੇਠ ਦਬਦੇ ਜਾ ਰਹੇ ਹਨ। ਮਾਨ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ’ਚ ਤੇਲ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧਣਗੀਆਂ। ਕੇਂਦਰ ਸਰਕਾਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਲੋਕ ਵਿਰੋਧੀ ਹਨ ਤੇ ਆਮ ਆਦਮੀ ਲਗਾਤਾਰ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ।