ਬਸੀ ਪਠਾਣਾਂ ਵਿਖੇ ਕਰਮਚਾਰੀਆਂ ਨੂੰ ਦਿੱਤੀ ਮਰਦਮਸ਼ੁਮਾਰੀ ਸਬੰਧੀ ਸਿਖਲਾਈ
ਬਸੀ ਪਠਾਣਾਂ ਵਿਖੇ ਕਰਮਚਾਰੀਆਂ ਨੂੰ ਦਿੱਤੀ ਮਰਦਮਸ਼ੁਮਾਰੀ ਸਬੰਧੀ ਸਿਖਲਾਈ
Publish Date: Wed, 06 May 2026 05:02 PM (IST)
Updated Date: Wed, 06 May 2026 05:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਮਰਦਮਸ਼ੁਮਾਰੀ 2027 ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਬਸੀ ਪਠਾਣਾਂ ਵਿਖੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਮਕਾਨ ਸੂਚੀਕਰਨ ਤੇ ਮਕਾਨਾਂ ਦੀ ਗਿਣਤੀ ਸਬੰਧੀ ਤਿੰਨ ਰੋਜ਼ਾ ਟ੍ਰੇਨਿੰਗ ਸਰਕਾਰੀ (ਕ) ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾਂ ਵਿਖੇ ਆਯੋਜਿਤ ਕੀਤੀ ਗਈ। ਇਸ ਵਿਚ ਜਨਗਣਨਾ ਦੇ ਪਹਿਲੇ ਪੜਾਅ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਅਤੇ ਸਵੈ ਜਨਗਣਨਾ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ ਫੀਲਡ ਟ੍ਰੇਨਰ ਗੁਰਦਮਨਪ੍ਰੀਤ ਕੌਰ ਅਤੇ ਅਵਤਾਰ ਸਿੰਘ ਵੱਲੋਂ ਮਰਦਮਸ਼ੁਮਾਰੀ ਦੇ ਹਰੇਕ ਪਹਿਲੂ ਮਕਾਨਸੂਚੀਕਰਨ ਦੇ ਤਰੀਕਿਆਂ, ਮਕਾਨਾਂ ਦੀ ਸਹੀ ਪਛਾਣ, ਪਰਿਵਾਰਕ ਇਕਾਈਆਂ ਦੀ ਗਿਣਤੀ, ਡਾਟਾ ਇਕੱਠਾ ਕਰਨ ਦੀ ਵਿਧੀ ਤੇ ਰਿਕਾਰਡ ਭਰਨ ਦੀ ਪ੍ਰਕਿਰਿਆ ਬਾਰੇ ਸਪਸ਼ਟ ਅਤੇ ਅਸਾਨ ਢੰਗ ਰਾਹੀਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦਫਤਰ ਨਗਰ ਕੌਂਸਲ ਬਸੀ ਪਠਾਣਾਂ ਦੇ ਚਾਰਜ ਅਫ਼ਸਰ ਜਸਵੀਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੇ ਟੀਮ ਮੈਂਬਰ ਮਨਜੀਤ ਸਿੰਘ, ਰਵੀ ਸ਼ਰਮਾ ਅਤੇ ਜਗਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਮਚਾਰੀਆਂ ਨੂੰ ਫੀਲਡ ਕੰਮ ਅਤੇ ਡਾਟਾ ਇਕੱਠਾ ਕਰਨ ਦੀ ਸਿਖਲਾਈ ਦਿੱਤੀ। ਟ੍ਰੇਨਿੰਗ ਦੀ ਮੋਨੀਟਰਿੰਗ ਕਰ ਰਹੇ ਮਾਸਟਰ ਟ੍ਰੇਨਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਵੱਲੋਂ ਇਕੱਤਰ ਡੇਟਾ ਉਨ੍ਹਾਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਆਕਾਰ ਦੇਵੇਗਾ ਜੋ ਮੇਰੇ ਕਰੋੜਾਂ ਸਾਥੀ ਨਾਗਰਿਕਾਂ ਦੀ ਸੇਵਾ ਕਰਦੇ ਹਨ। ਇਸ ਦੌਰਾਨ ਕਰਮਚਾਰੀਆਂ ਨੂੰ 2027 ਦੀ ਜਨਗਣਨਾ ਵਿਚ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ, ਅਤੇ ਸਮਰਪਣ ਨਾਲ ਨਿਭਾਉਣ ਲਈ ਸਹੁੰ ਵੀ ਚੁਕਵਾਈ ਗਈ।