ਜਨਗਣਨਾ 2027: ਜਾਗਰੂਕਤਾ ਲਈ ਫਤਹਿਗੜ੍ਹ ਸਾਹਿਬ ’ਚ ਮੈਰਾਥਨ ਕਰਵਾਈ
ਜਨਗਣਨਾ 2027: ਜਾਗਰੂਕਤਾ ਲਈ ਫਤਹਿਗੜ੍ਹ ਸਾਹਿਬ ’ਚ ਮੈਰਾਥਨ ਦਾ ਆਯੋਜਨ
Publish Date: Thu, 30 Apr 2026 06:49 PM (IST)
Updated Date: Thu, 30 Apr 2026 06:52 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਗਣਨਾ 2027 ਤਹਿਤ ‘ਚਲੋ ਨਿਭਾਈਏ ਆਪਣੀ ਜ਼ਿੰਮੇਵਾਰੀ, ਕਰੀਏ ਜਨਗਣਨਾ ਵਿਚ ਭਾਗੀਦਾਰੀ’ ਮੁਹਿੰਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੈਰਾਥਨ ਕਰਵਾਈ ਗਈ। ਜ਼ਿਲ੍ਹਾ ਖੇਡ ਦਫ਼ਤਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਸ਼ੁਰੂ ਹੋਈ ਇਸ ਮੈਰਾਥਨ ਨੂੰ ਐੱਸਡੀਐੱਮ ਸੂਬਾ ਸਿੰਘ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਨੌਜਵਾਨ ਵਰਗ ਨੇ ਇਸ ਦੌੜ ਵਿਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ‘ਮੇਰੀ ਭਾਗੀਦਾਰੀ-ਮੇਰਾ ਮਾਣ’ ਦਾ ਸੁਨੇਹਾ ਦਿੱਤਾ। ਇਸ ਮੌਕੇ ਐੱਸਡੀਐੱਮ ਸੂਬਾ ਸਿੰਘ ਨੇ ਦੱਸਿਆ ਕਿ ਸਵੈ ਗਣਨਾ ਦਾ ਕੰਮ 30 ਅਪ੍ਰੈਲ ਤੋਂ 14 ਮਈ 2026 ਤੱਕ ਚੱਲੇਗਾ, ਜਿਸ ’ਚ ਹਰੇਕ ਨਾਗਰਿਕ ਨੂੰ ਆਪਣੀ ਭਾਗੀਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ 15 ਮਈ ਤੋਂ 13 ਜੂਨ 2026 ਤੱਕ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਨਗਣਨਾ ਅਧਿਨਿਯਮ 1948 ਤਹਿਤ ਹਰੇਕ ਨਾਗਰਿਕ ਲਈ ਇਹ ਜ਼ਰੂਰੀ ਹੈ ਕਿ ਉਹ ਗਿਣਤੀਕਾਰਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਏ, ਕਿਉਂਕਿ ਇਸ ਪ੍ਰਕਿਰਿਆ ਵਿੱਚ ਹਰ ਘਰ ਅਹਿਮ ਹੈ। ਐੱਸਡੀਐੱਮ ਨੇ ਦੱਸਿਆ ਕਿ ਪਹਿਲੀ ਵਾਰ ਜਨਗਣਨਾ ਡਿਜੀਟਲ ਢੰਗ ਨਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਵੈ ਗਣਨਾ ਰਾਹੀਂ ਜਿੱਥੇ ਵਿਅਕਤੀ ਆਪਣੀ ਸਹੀ ਜਾਣਕਾਰੀ ਦਰਜ ਕਰ ਸਕੇਗਾ, ਉੱਥੇ ਹੀ ਫੀਲਡ ਵਿਚ ਆਉਣ ਵਾਲੇ ਗਿਣਤੀਕਾਰਾਂ ਦੇ ਸਮੇਂ ਦੀ ਵੀ ਬਚਤ ਹੋਵੇਗੀ। ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੇ ਗਏ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਜਨਗਣਨਾ 2027 ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜੇ ਭਵਿੱਖ ਦੀਆਂ ਨੀਤੀਆਂ, ਸਹੀ ਯੋਜਨਾਬੰਦੀ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਦੇ ਨਿਰਮਾਣ ਸਮੇਤ ਹਰ ਖੇਤਰ ਦੇ ਸਰਵਪੱਖੀ ਵਿਕਾਸ ਲਈ ਅਤਿ ਜ਼ਰੂਰੀ ਹਨ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਂਸਲ ਅਤੇ ਕੋਚ ਰਾਹੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਨੌਜਵਾਨ ਮੌਜੂਦ ਸਨ।