ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ ’ਚ ਚਾਰ ਨਾਮਜ਼ਦ
ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ ’ਚ ਚਾਰ ਖ਼ਿਲਾਫ਼ ਕੇਸ ਦਰਜ
Publish Date: Wed, 20 May 2026 05:51 PM (IST)
Updated Date: Wed, 20 May 2026 05:52 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਥਾਣਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਦਲਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਡੇਰਾਮੀਰ ਮੀਰਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮੁੱਦਈ ਨੇ ਦੱਸਿਆ ਕਿ ਉਹ ਆਪਣੀ 7 ਕਨਾਲ 11 ਮਰਲੇ ਜ਼ਮੀਨ ਵੇਚਣਾ ਚਾਹੁੰਦਾ ਸੀ, ਜਿਸ ਦੇ ਦਸਤਾਵੇਜ਼ ਉਸ ਨੇ ਇਕ ਪ੍ਰਾਪਰਟੀ ਸਲਾਹਕਾਰ ਨੂੰ ਦਿੱਤੇ ਸਨ। ਬਾਅਦ ਵਿਚ ਉਸ ਨੇ ਗਾਹਕ ਨੂੰ ਘੱਟ ਰੇਟ ’ਤੇ ਜ਼ਮੀਨ ਵੇਚਣ ਤੋਂ ਇਨਕਾਰ ਕਰ ਦਿੱਤਾ, ਪ੍ਰੰਤੂ ਉਕਤ ਪ੍ਰਾਪਰਟੀ ਸਲਾਹਕਾਰ ਨੇ ਉਸ ਦੀ ਜ਼ਮੀਨ ਦੇ ਦਸਤਾਵੇਜ਼ ਵਾਪਸ ਨਹੀਂ ਕੀਤੇ। ਕਈ ਵਾਰ ਮੰਗਣ ’ਤੇ ਵੀ ਦਸਤਾਵੇਜ਼ ਵਾਪਸ ਕਰਨ ਦੀ ਬਜਾਏ ਉਸ ਨੂੰ ਉਲਟਾ ਲੀਗਲ ਨੋਟਿਸ ਭੇਜ ਦਿੱਤਾ ਗਿਆ। ਮੁੱਦਈ ਅਨੁਸਾਰ ਜਦੋਂ ਉਸ ਨੇ ਇਸ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਉਸ ਦੇ ਅਸਲ ਦਸਤਾਵੇਜ਼ਾਂ ਦੇ ਆਧਾਰ ’ਤੇ ਜਾਅਲੀ ਦਸਤਖ਼ਤ ਵਾਲੇ ਪੇਪਰ ਤਿਆਰ ਕੀਤੇ ਗਏ ਅਤੇ ਕੁਝ ਲੋਕਾਂ ਨਾਲ ਮਿਲ ਕੇ ਉਸ ਦੀ ਜ਼ਮੀਨ ਦਾ ਬਿਆਨਾ ਲਿਖ ਲਿਆ ਗਿਆ। ਫਤਹਿਗੜ੍ਹ ਸਾਹਿਬ ਪੁਲਿਸ ਨੇ ਪੜਤਾਲੀਆ ਅਫ਼ਸਰ ਦੀ ਰਿਪੋਰਟ ਦੇ ਆਧਾਰ ’ਤੇ ਬਲਵੰਤ ਸਿੰਘ ਸਹੋਤਾ ਵਾਸੀ ਮੋਹਾਲੀ, ਪਰਵਿੰਦਰ ਸਿੰਘ , ਕਮਲਪ੍ਰੀਤ ਸਿੰਘ ਵਾਸੀ ਹਰਨਾਮ ਨਗਰ ਤੇ ਸ਼ਿਵ ਕੁਮਾਰ ਖ਼ਿਲਾਫ਼ ਕੇਸ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੀ ਤਫ਼ਤੀਸ਼ ਦੀ ਜ਼ਿੰਮੇਵਾਰੀ ਸਹਾਇਕ ਥਾਣੇਦਾਰ ਜਸਮੇਰ ਸਿੰਘ ਨੂੰ ਸੌਂਪੀ ਗਈ ਹੈ।