ਉਪਲਹੇੜੀ ਵਿਖੇ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਬਣਾਏ ਕਾਰਡ
ਉਪਲਹੇੜੀ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਬਣਾਏ ਕਾਰਡ
Publish Date: Fri, 20 Feb 2026 04:30 PM (IST)
Updated Date: Fri, 20 Feb 2026 04:33 PM (IST)

ਐਚਐਸ ਸੈਣੀ•, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਉਪਲਹੇੜੀ ਵਿਖੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਉਪਲਹੇੜੀ ਅਤੇ ਸਰਪੰਚ ਵਰਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੇ ਲਈ ਕੈਂਪ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਉਪਲਹੇੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਦੇ ਹਰੇਕ ਪਰਿਵਾਰ ਦਾ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਇਆ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਅੰਦਰ ਸਾਰੇ ਸਰਕਾਰੀ ਅਤੇ ਇਸ ਸਕੀਮ ਦੇ ਨਾਲ ਜੁੜੇ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਨਾਲ ਜੋੜਿਆ ਗਿਆ ਹੈ। ਜਿਸ ਵਿਚ ਪੰਜਾਬ ਸੂਬੇ ਦਾ ਨਾਗਰਿਕ ਆਪਣਾ 10 ਲੱਖ ਤੱਕ ਦਾ ਇਲਾਜ ਹਸਪਤਾਲ ’ਚ ਮੁਫਤ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਐਡਵੋਕੇਟ ਲਵਿਸ਼ ਮਿੱਤਲ ਦੀ ਅਗਵਾਈ ਹੇਠ ਉਨ੍ਹਾਂ ਦੀ ਬਲਾਕ ਸੰਮਤੀ ਅਧੀਨ ਪੈਂਦੇ ਹਰੇਕ ਪਿੰਡ ’ਚ ਕੈਂਪ ਲਗਾ ਕੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ 10 ਲੱਖ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾ ਲੈਣ ਤਾਂ ਜੋ ਇਸਦਾ ਸਮੇਂ ਸਿਰ ਫਾਇਦਾ ਲਿਆ ਜਾ ਸਕੇ। ਉਪਲਹੇੜੀ ਨੇ ਦੱਸਿਆ ਕਿ ਜੇਕਰ ਪਿੰਡਾਂ ’ਚ ਲਗਾਏ ਕੈਂਪ ਦੇ ਦੌਰਾਨ ਕੋਈ ਪਰਿਵਾਰਕ ਮੈਂਬਰ ਜਾਂ ਵਿਅਕਤੀ ਕਾਰਡ ਬਣਾਉਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਹ ਨੇੜਲੇ ਸੀਐਸਸੀ ਸੈਂਟਰ ’ਚ ਜਾ ਕੇ ਆਪਣਾ ਕਾਰਡ ਬਣਵਾ ਸਕਦਾ ਹੈ। ਇਹ ਕਾਰਡ ਬਿਲਕੁਲ ਮੁਫਤ ਬਣਾਏ ਜਾ ਰਹੇ ਹਨ। ਇਸ ਦੇ ਲਈ ਲਾਭਪਾਤਰੀ ਨੂੰ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆਧਾਰ ਕਾਰਡ ਦੇ ਨਾਲ ਜਨਮ ਸਰਟੀਫਿਕੇਟ ਲਿਆਉਣਾ ਲਾਜ਼ਮੀ ਹੈ। ਇਸ ਮੌਕੇ ਪਿੰਡ ਉਪਲਹੇੜੀ ਦੇ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।