ਮੁਫਤ ਥੈਰੇਪੀ ਕੈਂਪ ਦੌਰਾਨ 60 ਮਰੀਜ਼ਾਂ ਦਾ ਇਲਾਜ
ਮੁਫਤ ਥੈਰੇਪੀ ਕੈਂਪ ਦੌਰਾਨ 60 ਮਰੀਜ਼ਾਂ ਦਾ ਇਲਾਜ
Publish Date: Wed, 13 May 2026 04:43 PM (IST)
Updated Date: Wed, 13 May 2026 04:45 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੁਰਾਣਾ ਰਾਜਪੁਰਾ ਸਥਿਤ ਗੁਰਦੁਆਰਾ ਡੇਰਾ ਬਾਬਾ ਬਲਵੰਤ ਸਿੰਘ ਜੀ ਦੁਧਾਧਾਰੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਰਜਿੰਦਰ ਸਿੰਘ ਪਰਵਾਨਾ ਦੇ ਯਤਨਾਂ ਸਦਕਾ ਸਪੋਰਟਸ ਥੈਰੇਪੀ ਸੈਂਟਰ ਖੇੜੀ ਗੰਡਿਆਂ ਦੇ ਸਹਿਯੋਗ ਦੇ ਨਾਲ ਫ੍ਰੀ ਥੈਰੇਪੀ ਚੈੱਕ ਅਪ ਕੈਂਪ ਲਗਾਇਆ ਗਿਆ। ਕੈਂਪ ’ਚ ਮਰੀਜ਼ਾਂ ਦਾ ਥੈਰੇਪੀ ਤਰੀਕੇ ਨਾਲ ਇਲਾਜ ਕਰਨ ਦੇ ਲਈ ਐਨਆਈਐਸ ਮਾਸਪੇਸ਼ੀਆਂ ਦੇ ਮਾਹਰ ਹਰਪ੍ਰੀਤ ਸਿੰਘ ( ਸਪੋਰਟਸ ਕੋਚ) ਵੱਲੋਂ ਆਪਣੀ ਟੀਮ ਥਰੈਪਿਸਟ ਮਨਦੀਪ ਕੌਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਕੈਂਪ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਰਵਾਈਕਲ ਦਰਦ, ਮੋਢੇ ਦਾ ਦਰਦ, ਪਿੱਠ ਦਰਦ, ਮਾਸਪੇਸ਼ੀਆਂ ਦਾ ਖਿਚਾਅ, ਖੇਡਾਂ ਦੀਆਂ ਸੱਟਾਂ, ਸਾਈਟਿਕਾ ਦਰਦ, ਡਿਸਕ ਸਮੱਸਿਆ, ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਅਤੇ ਗੋਡਿਆਂ ਦੇ ਦਰਦ ਨਾਲ ਸਬੰਧਤ 60 ਮਰੀਜ਼ਾਂ ਦਾ ਨਵੀਂ ਤਕਨੀਕ ਦੀਆਂ ਮਸ਼ੀਨਾਂ ਦੇ ਰਾਹੀਂ ਫਿਜੀਓਥ੍ਰੈਪੀ ਤਕਨੀਕ ਦੇ ਨਾਲ ਇਲਾਜ ਕੀਤਾ ਗਿਆ। ਇਸ ਮੌਕੇ ਮੌਜੂਦ ਜਗੀਰ ਸਿੰਘ ਵਾਸੀ ਢਕਾਨਸੂ ਮਾਜਰਾ ਨੇ ਦੱਸਿਆ ਕਿ ਉਸ ਦੀ ਪਿੱਠ ਦੇ ਮਣਕਿਆਂ ਦੀ ਦਿੱਕਤ ਆ ਗਈ ਸੀ ਜਿਸ ਦੇ ਚਲਦਿਆਂ ਉਹ ਚੱਲਣ ਫਿਰਨ ਤੋਂ ਵੀ ਮੁਹਤਾਜ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਹੀਲ ਚੇਅਰ ਦੇ ਉੱਤੇ ਉਹਨਾਂ ਨੂੰ ਇਲਾਜ ਦੇ ਲਈ ਚੰਡੀਗੜ੍ਹ ਹਸਪਤਾਲ ਦੇ ਵਿਚ ਲਿਆਂਦਾ ਗਿਆ ਪਰ ਉਨਾਂ ਦਾ ਇਲਾਜ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਮੁਫਤ ਥਰੈਪੀ ਕੈਂਪ ’ਚ ਆ ਕੇ ਆਪਣਾ ਇਲਾਜ ਸ਼ੁਰੂ ਕਰਵਾਇਆ ਤਾਂ ਉਹ ਹੁਣ ਆਪਣੇ ਆਪ ਚੱਲ ਫਿਰ ਸਕਣ ਜੋਗੇ ਹੋ ਗਏ ਹਨ। ਇਸ ਮੌਕੇ ਐਨਆਈਐਸ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਗੁਰਦੁਆਰਾ ਕਮੇਟੀ ਉਨਾਂ ਨੂੰ ਦੁਬਾਰਾ ਥੈਰੇਪੀ ਕੈਂਪ ਲਗਾਉਣ ਦੇ ਲਈ ਕਹੇਗੀ ਤਾਂ ਉਹ ਮਰੀਜ਼ਾਂ ਦੀ ਸਹੂਲਤ ਦੇ ਲਈ ਮੁਫਤ ਥੈਰੇਪੀ ਕੈਂਪ ਲਗਾਉਣ ਦੇ ਲਈ ਤਿਆਰ ਹਨ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਹਾਜ਼ਰ ਸਨ।