ਮਾਮਲਾ: ਰਾਜਪੁਰਾ ਬਾਈਪਾਸ ਫਲਾਈ ਓਵਰ ਦੁਆਲੇ ਸੜਕ ਦਾ ਨਿਰਮਾਣ ਕਰਨ ਸਮੇਂ ਵਰਤੀ ਗਈ ਢਿੱਲ ਦਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਬਾਈਪਾਸ ਦੇ ਦੁਆਲੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਸੜਕ ’ਤੇ ਸਥਿਤ ਫਲਾਈਓਵਰ ਦੇ ਦੋਵੇਂ ਪਾਸੇ ਦੀਆਂ ਸੜਕਾਂ ਨੂੰ ਸਮੇਂ ਸਿਰ ਲੁਕ ਪਾ ਕੇ ਪੱਕਾ ਨਾ ਕਰਨ ਦੇ ਕਾਰਨ ਰੋਜ਼ਾਨਾ ਉਡਦੀ ਧੂੜ ਮਿੱਟੀ ਤੇ ਵੱਡੇ ਖੱਡਿਆਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਤੋਂ ਪਰੇਸ਼ਾਨ ਸੈਂਕੜੇ ਦੁਕਾਨਦਾਰਾਂ ਨੇ ਨੈਸ਼ਨਲ ਹਾਈਵੇ ਸੜਕ ’ਤੇ ਸੜਕ ਹੀ ਆਵਾਜਾਈ ਠੱਪ ਕਰਕੇ ਐੱਨਐੱਚ ਏਆਈ ਤੇ ਸਥਾਨਕ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੌਰ ’ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਪਾਰਟੀ ਸਮਰਥਕਾਂ ਦੇ ਨਾਲ ਪੁੱਜੇ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਜਮ ਕੇ ਭੜਾਸ ਕੱਢੀ। ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਰਾਜਪੁਰਾ ਸ਼ਹਿਰ ’ਚੋਂ ਨਿਕਲਦੇ ਕੌਮੀ ਸ਼ਾਹ ਮਾਰਗ ਸ਼੍ਰੀ ਅੰਮ੍ਰਿਤਸਰ ਤੋਂ ਦਿੱਲੀ ਸੜਕ ਉੱਤੇ ਗਗਨ ਚੌਕ ਨੇੜੇ ਸਥਿਤ ਉਸਾਰੀ ਅਧੀਨ ਫਲਾਈਓਵਰ ਬੰਦ ਹੋਣ ਕਾਰਨ ਦਿੱਲੀ, ਹਰਿਆਣਾ, ਰਾਜਸਥਾਨ ਤੋਂ ਇਲਾਵਾ ਹੋਰ ਰਾਜਾਂ ਦੇ ਪੰਜਾਬ ਆਉਣ ਵਾਲੇ ਹਜ਼ਾਰਾਂ ਵਾਹਨ ਫਲਾਈ ਓਵਰ ਦੇ ਦੁਆਲੇ ਬਣਾਏ ਸਰਵਿਸ ਰੋਡ ਦੇ ਰਾਹੀਂ ਲੰਘਦੇ ਹਨ ਪਰ ਦੋਵੇਂ ਪਾਸੇ ਸੜਕਾਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀਆਂ ਹਨ, ਜਿਸ ਕਾਰਨ ਦੋਵੇਂ ਪਾਸੇ ਸਾਰਾ ਦਿਨ ਰਾਤ ਵਾਹਨ ਲੰਘਣ ਕਾਰਨ ਧੂੜ ਮਿੱਟੀ ਉੱਡਦੀ ਰਹਿੰਦੀ ਹੈ ਜਿਸ ਕਾਰਨ ਸਲਿੱਪ ਰੋਡ ਤੇ ਕਰੀਬ 300 ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ ਤੇ ਉਨਾਂ ਨੂੰ ਕਈ ਸਾਹ ਨਾਲ ਸਬੰਧਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੁਕਾਨਦਾਰ ਅਤੇ ਰਿਹਾਇਸ਼ੀ ਖੇਤਰਾਂ ਦੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅੱਜ ਦੁਕਾਨਦਾਰਾਂ ਵੱਲੋਂ ਲਗਾਏ ਗਏ ਧਰਨੇ ਦੌਰਾਨ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਪਾਰਟੀ ਸਮਰਥਕਾਂ ਅਤੇ ਵਰਕਰਾਂ ਦੇ ਨਾਲ ਪੁੱਜੇ ਅਤੇ ਐੱਨਐੱਚਆਈਏ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਸ ਫਲਾਈ ਓਵਰ ਨੂੰ ਬਣਦਿਆਂ 2 ਸਾਲ ਤੋਂ ਵੱਧ ਹੋ ਗਏ ਹਨ ਤੇ ਹਾਈਵੇ ਅਥਾਰਟੀ ਲੋਕਾਂ ਦੀ ਪ੍ਰੇਸ਼ਾਨੀ ਨੂੰ ਨਾਂਹ ਦੇਖਦਿਆਂ ਕੰਮ ਨੂੰ ਕਛੂਆ ਛਾਪ ਚਾਲ ਨਾਲ ਬਣਾ ਰਹੀ ਹੈ। ਕੰਬੋਜ ਨੇ ਹਲਕਾ ਰਾਜਪੁਰਾ ਵਿਧਾਇਕਾਂ ਦੋਸ਼ ਲਗਾਇਆ ਕਿ ਜਿਹੜਾ ਰਾਜਪੁਰਾ ਸ਼ਹਿਰ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਸਫਾਈ ਦੇ ਪੱਖੋਂ ਪੂਰੇ ਭਾਰਤ ਦੇਸ਼ ’ਚ ਪਹਿਲੇ ਨੰਬਰ ’ਤੇ ਆਉਣ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਆ ਗਿਆ ਸੀ ਤੇ ਉਹੀ ਰਾਜਪੁਰਾ ਸ਼ਹਿਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਗੰਦਗੀ ਦੇ ਚਲਦਿਆਂ ਦੇਸ਼ ਵਿੱਚੋਂ 566ਵੇ ਨੰਬਰ ਉੱਤੇ ਪੁੱਜ ਗਿਆ ਹੈ। ਜਥੇਦਾਰ ਗੜ੍ਹੀ ਨੇ ਸਥਾਨਕ ਪ੍ਰਸ਼ਾਸਨ ਅਤੇ ਐੱਨਐੱਚਏਆਈ ਤੋਂ ਮੰਗ ਕੀਤੀ ਕਿ ਇੱਕ ਪਾਸੇ ਜਿੱਥੇ ਸੜਕੀ ਹਾਸਿਆਂ ਦੇ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਰਾਹਗੀਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਸ ਦੇ ਨਾਲ ਹੀ ਨੇੜਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਦੁਕਾਨਾਂ ਬੰਦ ਕਰਨ ਦੇ ਨਾਲ ਹੋਏ ਹਰਜਾਨੇ ਦੀ ਭਰਭਾਈ ਵੀ ਕਰਵਾਈ ਜਾਵੇ। ਐੱਨਐੱਚਏਆਈ ਦੇ ਅਧਿਕਾਰੀ ਅਤੇ ਥਾਣਾ ਸਿਟੀ ਪੁਲਿਸ ਦੇ ਐੱਸਐੱਚਓ. ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਮੌਕੇ ’ਤੇ ਪਹੁੰਚੇ। ਐੱਸਐੱਚਓ ਗੁਰਸੇਵਕ ਸਿੰਘ ਸਿੱਧੂ ਨੇ ਕਿਹਾ ਕਿ ਐੱਨਐੱਚ ਏਆਈ ਵੱਲੋਂ ਅਤੇ ਹੋਰਨਾ ਅਧਿਕਾਰੀਆਂ ਦੇ ਨਾਲ ਕੋਈ ਮੀਟਿੰਗ ਦੌਰਾਨ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਸਰਹੰਦ ਰੋਡ ਉੱਤੇ ਨਿਊ ਸਿਮਰਨ ਮਯੂਰ ਢਾਬੇ ਤੋਂ ਲੈ ਕੇ ਈਗਲ ਮੋਟਲ ਹੋਟਲ ਤੱਕ 25 ਅਪ੍ਰੈਲ ਅਤੇ ਰਾਜਪੁਰਾ ਅੰਬਾਲਾ ਸਰਵਿਸ ਰੋਡ ਮੁਕੰਮਲ ਕਰਨ ਲਈ 20 ਦਿਨਾਂ ਦਾ ਭਰੋਸਾ ਦੇਣ ਬਾਅਦ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵੱਲੋਂ ਆਪਣਾ ਧਰਨਾ ਸਮਾਪਤ ਕੀਤਾ। ਇਸ ਮੋਕੇ ਯੂਥ ਕਾਂਗਰਸ ਦੇ ਸਰਕਲ ਪ੍ਰਧਾਨ ਨਵਦੀਪ ਸਿੰਘ ਨਵੀ, ਅਕਾਲੀ ਆਗੂ ਸੁਰਿੰਦਰ ਸਿੰਘ ਘੁਮਾਣਾ, ਕੁਲਵਿੰਦਰ ਸਿੰਘ ਕਾਲੋਮਾਜਰਾ, ਸਾਬਕਾ ਚੇਅਰਮੈਨ ਮਲਕੀਤ ਸਿੰਘ ਉੱਪਲਹੇੜੀ, ਲਖਮੀਰ ਸਿੰਘ ਲੱਖਾ ਸੌਂਟੀ, ਗੁਰਪ੍ਰੀਤ ਸਿੰਘ ਜੰਡੋਲੀ, ਭੁਪਿੰਦਰ ਸਿੰਘ ਗੋਲੂ, ਚੇਅਰਮੈਨ ਉੱਪਲਹੇੜੀ, ਜਗਵਿੰਦਰ ਕੁਮਾਰ ਜੱਗਾ ਕੋਟਲਾ ਸਮੇਤ ਸੈਂਕੜੇ ਦੁਕਾਨਦਾਰ ਮੌਜੂਦ ਸਨ।