ਦੋ ਗੁੱਟਾਂ ਵਿਚਾਲੇ ਖ਼ੂਨੀ ਝੜਪ, ਤਿੰਨ ਗੰਭੀਰ ਜ਼ਖ਼ਮੀ
ਦੋ ਗੁੱਟਾਂ ਵਿਚਾਲੇ ਖ਼ੂਨੀ ਝੜਪ, ਤਿੰਨ ਗੰਭੀਰ ਜ਼ਖ਼ਮੀ
Publish Date: Thu, 30 Apr 2026 06:48 PM (IST)
Updated Date: Thu, 30 Apr 2026 06:50 PM (IST)

ਜਾਗਰਣ ਟੀਮ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਦੇ ਸਿਟੀ ਸੈਂਟਰ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਸੰਘਰਸ਼ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਟਾਂ-ਪੱਥਰਾਂ ਅਤੇ ਤੇਜ਼ਧਾਰ ਹਥਿਆਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ, ਜਿਸ ’ਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਸ ਵਿਵਾਦ ਦੀ ਸ਼ੁਰੂਆਤ ਕੁਝ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸੀ, ਜਿੱਥੇ ਸਤਨਾਮ ਸਿੰਘ ਨਾਮੀ ਨੌਜਵਾਨ ਦਾ ਹੱਥ ਵੱਢ ਦਿੱਤਾ ਗਿਆ ਸੀ। ਇਸੇ ਮਾਮਲੇ ਦਾ ਸਮਝੌਤਾ ਕਰਨ ਲਈ ਵੀਰਵਾਰ ਨੂੰ ਦੋਵੇਂ ਧਿਰਾਂ ਸਿਟੀ ਸੈਂਟਰ ਵਿਖੇ ਇਕੱਠੀਆਂ ਹੋਈਆਂ ਸਨ, ਪਰ ਗੱਲਬਾਤ ਦੌਰਾਨ ਹੋਈ ਤਕਰਾਰ ਖ਼ੂਨੀ ਲੜਾਈ ’ਚ ਬਦਲ ਗਈ। ਇਸ ਖ਼ੂਨੀ ਝੜਪ ਦੌਰਾਨ ਉੱਥੇ ਖੜ੍ਹੀਆਂ ਗੱਡੀਆਂ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ। ਲੜਾਈ ’ਚ ਪਿੰਡ ਰੰਗੇੜੀ ਕਲਾਂ ਦੇ ਰੁਪਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸਤਨਾਮ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਸਤਨਾਮ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਤਹਿਗੜ੍ਹ ਸਾਹਿਬ ਦੇ ਐਸਐਚਓ ਅਸ਼ੋਕ ਕੁਮਾਰ ਨੇ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ। ਪੁਲਿਸ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ। ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਕਾਨੂੰਨ ਨੂੰ ਹੱਥ ’ਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਸਿਟੀ ਸੈਂਟਰ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।