ਪ੍ਰਨੀਤ ਕੌਰ ਵੱਲੋਂ ਰਾਜਪੁਰਾ ਨਗਰ ਕੌਂਸਲ ਚੋਣਾਂ ਜੇਤੂ ਕੌਂਸਲਰਾਂ ਦਾ ਕੀਤਾ ਸਨਮਾਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਜਨਤਾ ਪਾਰਟੀ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ’ਚ ਰਾਜਪੁਰਾ ਨਗਰ ਕੌਂਸਲ ਚੋਣਾਂ ’ਚ 9 ਵਾਰਡਾਂ ਤੋਂ ਚੋਣ ਜਿੱਤ ਕੇ ਕੌਂਸਲਰ ਚੁਣੇ ਗਏ ਉਮੀਦਵਾਰਾਂ ਨੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਪ੍ਰਨੀਤ ਕੌਰ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਵੱਲੋਂ ਨਵੇਂ ਚੁਣੇ ਗਏ 9 ਕੌਂਸਲਰਾਂ ਵਾਰਡ ਨੰਬਰ ਤਿੰਨ ਤੋਂ ਰੁਪਿੰਦਰ ਕੌਰ ਸਰਵਾਰਾ, ਵਾਰਡ ਨੰਬਰ ਪੰਜ ਤੋਂ ਮੋਨਿਕਾ ਸ਼ਰਮਾ, ਵਾਰਡ ਨੰਬਰ ਸੱਤ ਤੋਂ ਨੀਲਮ ਮਹਿਤਾ, ਵਾਰਡ ਨੰਬਰ ਅੱਠ ਤੋਂ ਪ੍ਰਤੀਕ ਕੁਮਾਰ, ਵਾਰਡ ਨੰਬਰ ਨੌ ਤੋਂ ਰੰਜਨਾ ਵਰਮਾ, ਵਾਰਡ ਨੰਬਰ 10 ਤੋਂ ਹਿਮਾਸ਼ੂ ਸਪਰਾ, ਵਾਰਡ ਨੰਬਰ 12 ਤੋਂ ਰੁਪਿੰਦਰ ਸਿੰਘ ਰੂਪੀ ਸੰਧੂ, ਵਾਰਡ ਨੰਬਰ 25 ਤੋਂ ਰੀਟਾ ਰਾਣੀ, ਵਾਰਡ ਨੰਬਰ 29 ਤੋਂ ਆਸਾ ਸਹਿਜੜਾ ਅਤੇ ਭਾਜਪਾ ਦੀ ਤਰਫੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਰਾਜਪੁਰਾ ਸ਼ਹਿਰ ਅਤੇ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡਾਂ ’ਚ ਭਾਜਪਾ ਦਾ ਵੋਟ ਬੈਂਕ ਹਮੇਸ਼ਾ ਹੀ ਵੱਡਾ ਰਿਹਾ ਹੈ। ਉਨ੍ਹਾਂ ਵੱਲੋਂ ਨਵੇਂ ਜਿੱਤ ਗਏ ਕੌਂਸਲਰਾਂ ਅਤੇ ਹਲਕਾ ਰਾਜਪੁਰਾ ਦੀ ਭਾਜਪਾ ਟੀਮ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਹੁਣੇ ਤੋਂ ਤਿਆਰੀਆਂ ਵਿੱਢ ਲੈਣ ਤਾਂ ਜੋ ਹਲਕਾ ਰਾਜਪੁਰਾ ਤੋਂ ਭਾਜਪਾ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਨੂੰ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਇਹ ਸੀਟ ਭਾਜਪਾ ਦੀ ਝੋਲੀ ਪਾਈ ਜਾ ਸਕੇ। ਉਨ੍ਹਾਂ ਵੱਲੋਂ ਨਗਰ ਕੌਂਸਲ ਚੋਣਾਂ ’ਚ ਸਭ ਤੋਂ ਵੱਧ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਹਲਕਾ ਰਾਜਪੁਰਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਧਰਮ ਪਤਨੀ ਰੰਜਨਾ ਵਰਮਾ ਤੇ ਨਗਰ ਕੌਂਸਲ ਦੇ 10 ਸਾਲ ਪ੍ਰਧਾਨ ਰਹੇ ਨਰਿੰਦਰ ਸ਼ਸਤਰੀ ਦੇ ਪੁੱਤਰ ਨੂੰ ਹਰਾ ਕੇ ਪਹਿਲੀ ਵਾਰ ਕੌਂਸਲਰ ਚੁਣੇ ਗਏ ਰੁਪਿੰਦਰ ਸਿੰਘ ਸੰਧੂ ਨੂੰ ਵੀ ਵਧਾਈਆਂ ਦਿੱਤੀਆਂ। ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਹਲਕਾ ਰਾਜਪੁਰਾ ਦੇ ਅੰਦਰ ਭਾਜਪਾ ਦਾ ਘੇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ ਅਤੇ ਉਨਾਂ ਨੂੰ ਖੁਸ਼ੀ ਹੈ ਕਿ ਰੋਜ਼ਾਨਾ ਹੀ ਦਰਜਨਾਂ ਦੀ ਗਿਣਤੀ ’ਚ ਲੋਕ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਭਾਜਪਾ ਪਾਰਟੀ ਦੇ ਨਾਲ ਜੁੜ ਰਹੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੰਜਾਬ ਸੂਬੇ ਅੰਦਰ ਭਾਜਪਾ ਪਾਰਟੀ ਦੀ ਸਰਕਾਰ ਬਣਨੀ ਬਿਲਕੁਲ ਤੈਅ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਭਾਜਪਾ ਆਗੂ ਸ਼ਾਂਤੀ ਸਪਰਾ, ਐਡਵੋਕੇਟ ਪਰਮਵੀਰ ਚੌਧਰੀ, ਐਡਵੋਕੇਟ ਨਰਿੰਦਰ ਪਟਿਆਲਾ, ਐਡਵੋਕੇਟ ਸ਼ੇਖਰ ਚੌਧਰੀ, ਸੋਨੂ, ਬਲਵੀਰ ਸਿੰਘ ਵਿਰਕ, ਐਡਵੋਕੇਟ ਸੁਖਚੈਨ ਸਿੰਘ ਸਰਵਾਰਾ, ਦਿਨੇਸ਼ ਮਹਿਤਾ, ਦਲਵੀਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸੀ, ਦੀਪਕ ਬਾਂਸਲ, ਚਿੰਕੀ ਸਹਿਜੜਾ, ਸੁਦਰਸ਼ਨ ਸੋਢੀ ਸਮੇਤ ਹੋਰ ਹਾਜ਼ਰ ਸਨ।