ਕਾਮੀ ਖੁਰਦ ਦੇ ਦਰਜਨਾਂ ਮੁਸਲਿਮ ਪਰਿਵਾਰ ਭਾਜਪਾ ’ਚ ਹੋਏ ਸ਼ਾਮਲ
ਘਨੌਰ ਵਿੱਚ ਭਾਜਪਾ ਨੂੰ ਵੱਡੀ ਸਿਆਸੀ ਮਜ਼ਬੂਤੀ, ਕਾਮੀ ਖੁਰਦ ਦੇ ਦਰਜਨਾਂ ਮੁਸਲਿਮ ਪਰਿਵਾਰ ਭਾਜਪਾ ’ਚ ਹੋਏ ਸ਼ਾਮਲ
Publish Date: Sun, 22 Mar 2026 05:24 PM (IST)
Updated Date: Sun, 22 Mar 2026 05:25 PM (IST)

ਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪੰਜਾਬ ਦੀ ਸਿਆਸਤ ਵਿਚ ਭਾਰਤੀ ਜਨਤਾ ਪਾਰਟੀ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਹਲਕਾ ਘਨੌਰ ਦੇ ਪਿੰਡ ਕਾਮੀ ਖੁਰਦ ਵਿਖੇ ਦੇਖਣ ਨੂੰ ਮਿਲੀ, ਜਿੱਥੇ ਕਰਵਾਈ ਗਈ ਇਕ ਪ੍ਰਭਾਵਸ਼ਾਲੀ ਵਰਕਰ ਮਿਲਣੀ ਦੌਰਾਨ ਪਿੰਡ ਦੇ ਦਰਜਨਾਂ ਮੁਸਲਿਮ ਪਰਿਵਾਰਾਂ ਨੇ ਭਾਜਪਾ ਦਾ ਪੱਲਾ ਫੜਿਆ। ਇਸ ਮੌਕੇ ਭਾਜਪਾ ਦੇ ਨੌਜਵਾਨ ਆਗੂ ਤੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ ਪਾਰਟੀ ਦਾ ਮਫਲਰ ਪਹਿਨਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਵਿਕਾਸ ਸ਼ਰਮਾ ਹਲਕਾ ਘਨੌਰ ਦੇ ਜੰਮਪਲ ਹਨ ਅਤੇ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਇਸ ਵਾਰ ਕਿਸੇ ਸਥਾਨਕ ਉਮੀਦਵਾਰ ਨੂੰ ਸੇਵਾ ਦਾ ਮੌਕਾ ਮਿਲੇ। ਸਥਾਨਕ ਆਗੂ ਹੋਣ ਕਾਰਨ ਲੋਕਾਂ ਵਿੱਚ ਵਿਕਾਸ ਸ਼ਰਮਾ ਪ੍ਰਤੀ ਖਾਸ ਉਤਸ਼ਾਹ ਤੇ ਭਰੋਸਾ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਕਾਮੀ ਖੁਰਦ ਤੋਂ ਮੁਸਲਿਮ ਭਾਈਚਾਰੇ ਦੇ ਵੱਡੇ ਪੱਧਰ ’ਤੇ ਭਾਜਪਾ ਨਾਲ ਜੁੜਨ ਨਾਲ ਹਲਕੇ ਦੀ ਸਿਆਸਤ ਵਿਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਅਤੇ ਇਸ ਨਾਲ ਭਾਜਪਾ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਕਾਸ ਸ਼ਰਮਾ ਨੇ ਕਿਹਾ ਕਿ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹੋ ਰਹੇ ਸਰਵਪੱਖੀ ਵਿਕਾਸ ਕਾਰਨ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਵਿਕਾਸ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਭਾਜਪਾ ਇੱਥੇ ਇਕ ਮਜ਼ਬੂਤ ਸਿਆਸੀ ਤਾਕਤ ਵਜੋਂ ਉਭਰੇਗੀ। ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਦਿਲਵਰ ਖਾਨ, ਦੀਪਾ ਖਾਨ, ਜਮੀਲ ਖਾਨ, ਬੂਟਾ ਖਾਨ, ਸਿਤਾਰ ਖਾਨ, ਹੁਸਨਾ ਖਾਨ, ਸਮੀਰ ਖਾਨ, ਭੂਰਾ ਖਾਨ, ਸਤਪਾਲ ਸਿੰਘ, ਜਸਬੀਰ ਖਾਨ, ਮੰਗਾ ਖਾਨ ਅਤੇ ਰਮਜ਼ਾਨ ਖਾਨ ਆਦਿ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਵਿਕਾਸ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਮੰਡਲ ਪ੍ਰਧਾਨ ਘਨੌਰ ਕਮਲਜੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਹਰਜਿੰਦਰ ਸਿੰਘ, ਹਰਪਾਲਪੁਰ ਮੰਡਲ ਪ੍ਰਧਾਨ ਰਜਨੀਸ਼ ਕੁਮਾਰ, ਐਸ.ਸੀ. ਵਿੰਗ ਬਲਾਕ ਪ੍ਰਧਾਨ ਬਲਕਾਰ ਸਿੰਘ, ਸੁਖਚੈਨ ਸਿੰਘ, ਭੋਲਾ ਸਿੰਘ, ਦੀਪਾ ਸ਼ਰਮਾ, ਵਕੀਲ ਖਾਨ ਸਮੇਤ ਕਈ ਹੋਰ ਆਗੂ ਅਤੇ ਵਰਕਰ ਮੌਜੂਦ ਸਨ।