ਰੋਜ਼ਾਨਾ ਲੱਗ ਰਹੇ ਲੰਮੇ ਬਿਜਲੀ ਕੱਟ ਪਾਵਰਕਾਮ ਦੀ ਨਾਕਾਮੀ ਦਾ ਸਬੂਤ : ਡੌਲੀ
ਰੋਜ਼ਾਨਾ ਲੱਗ ਰਹੇ ਲੰਮੇ ਬਿਜਲੀ ਕੱਟ ਪਾਵਰਕਾਮ ਦੀ ਨਾਕਾਮੀ ਦਾ ਸਬੂਤ: ਮਨਪ੍ਰੀਤ ਡੌਲੀ
Publish Date: Sun, 26 Apr 2026 05:47 PM (IST)
Updated Date: Sun, 26 Apr 2026 05:52 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਪਿੰਡ ਸੈਦਖੇੜੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਜਨਰਲ ਸਕੱਤਰ ਅਤੇ ਹਲਕਾ ਡੇਰਾਬੱਸੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੀ ਮਰਹੂਮ ਕੈਪਟਨ ਕਵਲਜੀਤ ਸਿੰਘ ਦੀ ਪੁੱਤਰੀ ਬੀਬੀ ਮਨਪ੍ਰੀਤ ਕੌਰ ਡੌਲੀ ਨੇ ਕਿਹਾ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਰੋਜ਼ਾਨਾ ਦਿਨ ਅਤੇ ਰਾਤ ਨੂੰ ਲੱਗ ਰਹੇ ਲੰਮੇ ਬਿਜਲੀ ਕੱਟ ਪੰਜਾਬ ਰਾਜ ਬਿਜਲੀ ਨਿਗਮ ਦੀ ਨਾਕਾਮੀ ਦਾ ਮੂੰਹ ਬੋਲਦਾ ਸਬੂਤ ਹਨ। ਉਹ ਮੁਲਾਜ਼ਮ ਆਗੂ ਕੁਲਬੀਰ ਸਿੰਘ ਸੈਦਖੇੜੀ ਦੇ ਛੋਟੇ ਭਰਾ ਤੇਜਿੰਦਰ ਸਿੰਘ ਦੀ ਪਹਿਲੀ ਬਰਸੀ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਹੋਏ ਸਨ। ਇਸ ਮੌਕੇ ਉਹਨਾਂ ਦੇ ਨਾਲ ਕੁਲਬੀਰ ਸਿੰਘ ਸੈਦਖੇੜੀ, ਬਲਦੇਵ ਸਿੰਘ ਅਬਰਾਵਾਂ, ਗੁਰਦੀਪ ਸਿੰਘ ਸੈਦਖੇੜੀ, ਬਾਬਾ ਸੁਰਿੰਦਰ ਸਿੰਘ ਫਰੀਦਪੁਰ,ਜਗਜੀਤ ਸਿੰਘ ਲਾਡੀ ਵੀ ਮੌਜੂਦ ਸਨ। ਬੀਬੀ ਡੌਲੀ ਨੇ ਕਿਹਾ ਕਿ ਅਜੇ ਤਾਂ ਗਰਮੀ ਦੀ ਸ਼ੁਰੂਆਤ ਹੋਈ ਹੈ ਗਰਮੀ ਦਾ ਅਸਲ ਮੌਸਮ ਤਾਂ ਅੱਧ ਮਈ ਤੋਂ ਬਾਅਦ ਸ਼ੁਰੂ ਹੋਣਾ ਹੈ ਪਰ ਹੁਣ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗ ਰਹੇ ਬਿਜਲੀ ਹੱਕਾਂ ਕਾਰਨ ਲੋਕ ਬੇਹਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਰਿਹਾਇਸ਼ੀ ਖੇਤਰ ਲਈ ਗਰਮੀ ਦੀ ਸ਼ੁਰੂਆਤ ਵਿਚ ਹੀ ਪੂਰੀ ਬਿਜਲੀ ਸਪਲਾਈ ਨਹੀਂ ਦੇ ਰਹੀ ਉਹ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਝੋਨੇ ਦੀ ਲੁਆਈ ਲਈ ਬਿਜਲੀ ਕਿੱਥੋਂ ਦੇਵੇਗੀ। ਉਨ੍ਹਾਂ ਇਸ ਨੂੰ ਸਰਕਾਰ ਦੀ ਅਤੇ ਪਾਵਰਕਾਮ ਦੀ ਅਸਫ਼ਲਤਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਪਾਵਰਕਾਮ ਹਰ ਹੀਲਾ ਵਸੀਲਾ ਵਰਤ ਕੇ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਏ।