ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀਆਂ ਵੱਲੋਂ ਧਰਨਾ
ਬਿਜਲੀ ਕੱਟਾਂ ਦੇ ਵਿਰੋਧ ਚ ਅਕਾਲੀਆਂ ਵੱਲੋਂ ਧਰਨਾ
Publish Date: Thu, 30 Apr 2026 06:45 PM (IST)
Updated Date: Thu, 30 Apr 2026 06:49 PM (IST)

ਫੋਟੋ 30ਪੀਟੀਐਲ: 38 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਸੂਬੇ ਵਿਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਤੇ ਅਕਾਲੀ ਵਰਕਰਾਂ ਨੇ ਐੱਸਡੀਐੱਮ ਪਾਤੜਾਂ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਹ ਭਰਪੂਰ ਧਰਨਾ ਦਿੱਤਾ ਗਿਆ। ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਵਰਕਰਾਂ ਨੇ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਪੰਜਾਬ ਦੀ ਤਤਕਾਲੀ ਅਕਾਲੀ ਸਰਕਾਰ ਸਮੇਂ ਸੂਬੇ ਨੂੰ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਵੱਡੇ ਪੱਧਰ ਉੱਤੇ ਕਦਮ ਚੁੱਕੇ ਗਏ ਪਰ ਬਦਕਿਸਮਤੀ ਦੀ ਗੱਲ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਫੋਕੇ ਦਾਅਵੇ ਕਰਦੀ ਨਹੀਂ ਥੱਕਦੀ। ਉਨ੍ਹਾਂ ਦੋਸ਼ ਲਗਾਇਆ ਕਿ ਆਪ ਸਰਕਾਰ ਨੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਬਿਜਲੀ ਦੇ ਖੇਤਰ ਵਿਚ ਕੋਈ ਵੀ ਕੰਮ ਨਹੀਂ ਕੀਤਾ ਜਿਸ ਕਰਕੇ ਗਰਮੀ ਦੇ ਇਸ ਮੌਸਮ ਦੌਰਾਨ ਸੂਬੇ ਦੇ ਲੋਕਾਂ ਨੂੰ ਬਿਜਲੀ ਦੇ ਭਾਰੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪੀਏਡੀਬੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਡਾਕਟਰ ਬਹਾਦਰ ਸਿੰਘ ਘੱਗਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਚਿੱਤਰ ਸਿੰਘ ਹਰਿਆਊ, ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਜਿੰਦਲ, ਲਖਵਿੰਦਰ ਸਿੰਘ ਮੌਲਵੀਵਾਲਾ, ਸੁਖਜੀਤ ਸਿੰਘ ਬਕਰਾਹਾ, ਜੋਗਿੰਦਰ ਸਿੰਘ ਸ਼ੇਰਗੜ੍ਹ, ਤੇਜਵੀਰ ਸਿੰਘ ਖਾਂਗ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਜਲਾਲਪੁਰ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਨਿਆਲ, ਬਲਦੇਵ ਸਿੰਘ ਚੀਮਾ, ਬੂਟਾ ਸਿੰਘ ਗੁਲਾਹੜ, ਜਸਪਾਲ ਸਿੰਘ ਨੂਰਪੁਰਾ, ਸਤਿਨਾਮ ਸਿੰਘ ਸ਼ੁਤਰਾਣਾ, ਜੋਗਾ ਸਿੰਘ ਸਿੱਧੂ, ਦਯਾ ਸਿੰਘ ਹਰਿਆਊ, ਹਰਦੀਪ ਸਿੰਘ ਸਾਗਰਾ, ਵਿਸ਼ਾਲ ਗੋਇਲ ਸਰਕਲ ਪ੍ਰਧਾਨ ਸ਼ਹਿਰੀ ਪਾਤੜਾਂ, ਅਜੈਬ ਸਿੰਘ ਮੱਲ੍ਹੀ ਅਤੇ ਨਰਿੰਦਰ ਸਿੰਘ ਬਜਾਜ ਆਦਿ ਹਾਜ਼ਰ ਸਨ।