ਦੂਰ-ਦੁਰਾਡੇ ਤੇ ਰੈਗੂਲਰ ਪੜ੍ਹਾਈ ਤੋਂ ਵਾਂਝੇ ਰਹਿ ਗਏ ਲੋਕਾਂ ਲਈ ਵੱਡੀ ਰਾਹਤ; ਹੁਣ ਸਿੱਖਿਆ ਦਾ ਸੁਪਨਾ ਹੋਵੇਗਾ ਪੂਰਾ
ਪੰਜਾਬ ਵਿਚ ਉਨ੍ਹਾਂ ਹਜ਼ਾਰਾਂ ਨੌਜਵਾਨਾਂ, ਨੌਕਰੀਪੇਸ਼ਾ ਲੋਕਾਂ ਤੇ ਘਰੇਲੂ ਮਹਿਲਾਵਾਂ ਲਈ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਹੁਣ ਸਾਕਾਰ ਹੋਣ ਜਾ ਰਿਹਾ ਹੈ, ਜੋ ਕਿਸੇ ਕਾਰਨ ਰੈਗੂਲਰ ਕਾਲਜ ਜਾਣ ਤੋਂ ਅਸਮਰੱਥ ਹਨ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਨੇ ਸੂਬੇ ਵਿੱਚ ਦੂਰਵਰਤੀ ਸਿੱਖਿਆ (ਡਿਸਟੈਂਸ ਐਜੁਕੇਸ਼ਨ) ਦੇ ਦਾਇਰੇ ਨੂੰ ਵਿਸ਼ਾਲ ਬਣਾਉਂਦਿਆਂ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ (ਏਡਿਡ) ਅਤੇ ਪ੍ਰਾਈਵੇਟ ਕਾਲਜਾਂ ਨੂੰ ‘ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ’ ਅਧੀਨ ‘ਲਰਨਰ ਸਪੋਰਟ ਸੈਂਟਰ’ ਸਥਾਪਿਤ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਯੂਨੀਵਰਸਿਟੀ ਵੱਲੋਂ ਇਨ੍ਹਾਂ ਕੇਂਦਰਾਂ ਨੂੰ ਖੋਲ੍ਹਣ ਦੀ ਅਧਿਕਾਰਿਤ ਪ
Publish Date: Wed, 20 May 2026 10:01 AM (IST)
Updated Date: Wed, 20 May 2026 10:03 AM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿਚ ਉਨ੍ਹਾਂ ਹਜ਼ਾਰਾਂ ਨੌਜਵਾਨਾਂ, ਨੌਕਰੀਪੇਸ਼ਾ ਲੋਕਾਂ ਤੇ ਘਰੇਲੂ ਮਹਿਲਾਵਾਂ ਲਈ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਹੁਣ ਸਾਕਾਰ ਹੋਣ ਜਾ ਰਿਹਾ ਹੈ, ਜੋ ਕਿਸੇ ਕਾਰਨ ਰੈਗੂਲਰ ਕਾਲਜ ਜਾਣ ਤੋਂ ਅਸਮਰੱਥ ਹਨ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਨੇ ਸੂਬੇ ਵਿੱਚ ਦੂਰਵਰਤੀ ਸਿੱਖਿਆ (ਡਿਸਟੈਂਸ ਐਜੁਕੇਸ਼ਨ) ਦੇ ਦਾਇਰੇ ਨੂੰ ਵਿਸ਼ਾਲ ਬਣਾਉਂਦਿਆਂ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ (ਏਡਿਡ) ਅਤੇ ਪ੍ਰਾਈਵੇਟ ਕਾਲਜਾਂ ਨੂੰ ‘ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ’ ਅਧੀਨ ‘ਲਰਨਰ ਸਪੋਰਟ ਸੈਂਟਰ’ ਸਥਾਪਿਤ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਯੂਨੀਵਰਸਿਟੀ ਵੱਲੋਂ ਇਨ੍ਹਾਂ ਕੇਂਦਰਾਂ ਨੂੰ ਖੋਲ੍ਹਣ ਦੀ ਅਧਿਕਾਰਿਤ ਪ੍ਰਕਿਰਿਆ ਵੀ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੇੜਲੇ ਕਾਲਜਾਂ ’ਚ ਹੀ ਮਿਲ ਸਕੇਗੀ ਸਹੂਲਤ
ਸਰਕਾਰ ਦੇ ਇਸ ਅਹਿਮ ਫੈਸਲੇ ਨਾਲ ਹੁਣ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਜਾਣ ਦੀ ਲੋੜ ਨਹੀਂ ਪਵੇਗੀ, ਬਲਕਿ ਉਹ ਆਪਣੇ ਨੇੜਲੇ ਕਾਲਜਾਂ ਵਿਚ ਸਥਾਪਿਤ ਹੋਣ ਵਾਲੇ ਇਨ੍ਹਾਂ ਸਪੋਰਟ ਸੈਂਟਰਾਂ ਰਾਹੀਂ ਹੀ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ, ਸੈਂਟਰ ਬਣਾਉਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਪਾਰਦਰਸ਼ੀ ਅਤੇ ਤੇਜ਼ ਗਤੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ, ਤਾਂ ਜੋ ਆਉਣ ਵਾਲੇ ਨਵੇਂ ਅਕਾਦਮਿਕ ਸੈਸ਼ਨ ਤੋਂ ਹੀ ਵਿਦਿਆਰਥੀਆਂ ਨੂੰ ਇਸ ਸਹੂਲਤ ਦਾ ਸਿੱਧਾ ਲਾਭ ਮਿਲਣਾ ਸ਼ੁਰੂ ਹੋ ਜਾਵੇ।
ਪੰਜਾਬ ਦੀ ਪਹਿਲੀ ਸਟੇਟ ਓਪਨ ਯੂਨੀਵਰਸਿਟੀ ਦਾ ਵੱਡਾ ਕਦਮ
ਉਚੇਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਜਾਰੀ ਸਰਕਾਰੀ ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ 'ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ' ਸੂਬੇ ਦੀ ਪਹਿਲੀ ਸਟੇਟ ਓਪਨ ਯੂਨੀਵਰਸਿਟੀ ਹੈ, ਜਿਸ ਦੀ ਸਥਾਪਨਾ ਪੰਜਾਬ ਸਰਕਾਰ ਦੇ ਐਕਟ ਨੰਬਰ 19, 2019 ਅਧੀਨ ਕੀਤੀ ਗਈ ਸੀ। ਇਸ ਯੂਨੀਵਰਸਿਟੀ ਦਾ ਮੁੱਖ ਮਕਸਦ ਓਪਨ ਡਿਸਟੈਂਸ ਲਰਨਿੰਗ ਪ੍ਰਣਾਲੀ ਰਾਹੀਂ ਪੰਜਾਬ ਦੇ ਕੋਨੇ-ਕੋਨੇ ਤੱਕ ਉੱਚ ਪੱਧਰੀ ਸਿੱਖਿਆ ਪਹੁੰਚਾਉਣਾ ਹੈ।
ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਨਿਰਦੇਸ਼ ਜਾਰੀ
ਯੂਨੀਵਰਸਿਟੀ ਦੀ ਵਧ ਰਹੀ ਲੋਕਪ੍ਰਿਯਤਾ ਨੂੰ ਦੇਖਦਿਆਂ ਵਿਭਾਗ ਨੇ ਕਿਹਾ ਹੈ ਕਿ ਜੋ ਵੀ ਕਾਲਜ ਆਪਣੇ ਪੱਧਰ 'ਤੇ ਡਿਸਟੈਂਸ ਮੋਡ ਰਾਹੀਂ ਸਿੱਖਿਆ ਮੁਹੱਈਆ ਕਰਵਾਉਣ ਦੇ ਇੱਛੁਕ ਹਨ, ਉਹ ਇਸ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕਰਕੇ 'ਲਰਨਰ ਸਪੋਰਟ ਸੈਂਟਰ' ਖੋਲ੍ਹ ਸਕਦੇ ਹਨ। ਇਸ ਸਬੰਧੀ ਲੋੜੀਂਦੀ ਕਾਰਵਾਈ ਅਤੇ ਕਾਲਜਾਂ ਨੂੰ ਨਿਰਦੇਸ਼ ਜਾਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰਾਂ ਨੂੰ ਵੀ ਦਿਸ਼ਾ-ਨਿਰਦੇਸ਼ਾਂ ਦੀਆਂ ਕਾਪੀਆਂ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਰੈਗੂਲਰ ਪੜ੍ਹਾਈ ਦੇ ਨਾਲ-ਨਾਲ ਦੂਰਵਰਤੀ ਸਿੱਖਿਆ ਦਾ ਲਾਭ ਹਰ ਇੱਕ ਲੋੜਵੰਦ ਨੌਜਵਾਨ ਤੱਕ ਪਹੁੰਚਾਇਆ ਜਾ ਸਕੇ।