ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ: ਖਮਾਣੋਂ 'ਚ ਭਾਜਪਾ ਉਮੀਦਵਾਰ ਤੇ ਰਿਸ਼ਤੇਦਾਰ ਨਾਜਾਇਜ਼ ਸ਼ਰਾਬ ਦੀਆਂ 2 ਪੇਟੀਆਂ ਸਮੇਤ ਕਾਬੂ
ਖਮਾਣੋਂ 'ਚ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਇਲਾਕੇ 'ਚ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਖਮਾਣੋਂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਚੈਕਿੰਗ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਉਮੀਦਵਾਰ ਅਤੇ ਉਸ ਦੇ ਰਿਸ਼ਤੇਦਾਰ ਨੂੰ ਕਾਰ 'ਚ ਨਾਜਾਇਜ਼ ਸ਼ਰਾਬ ਲੈ ਕੇ ਜਾਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਵਾਰਦਾਤ 'ਚ ਵਰਤੀ ਗਈ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
Publish Date: Tue, 26 May 2026 09:56 AM (IST)
Updated Date: Tue, 26 May 2026 09:58 AM (IST)

ਦੀਪਕ ਸੂਦ, ਫ਼ਤਹਿਗੜ੍ਹ ਸਾਹਿਬ/ਖਮਾਣੋਂ : ਖਮਾਣੋਂ 'ਚ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਇਲਾਕੇ 'ਚ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਖਮਾਣੋਂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਚੈਕਿੰਗ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਉਮੀਦਵਾਰ ਅਤੇ ਉਸ ਦੇ ਰਿਸ਼ਤੇਦਾਰ ਨੂੰ ਕਾਰ 'ਚ ਨਾਜਾਇਜ਼ ਸ਼ਰਾਬ ਲੈ ਕੇ ਜਾਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਵਾਰਦਾਤ 'ਚ ਵਰਤੀ ਗਈ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਥਾਣਾ ਖਮਾਣੋਂ ਦੇ ਇੰਚਾਰਜ ਸੁਰੇਸ਼ ਕੁਮਾਰ ਸ਼ਰਮਾ ਨੇ ਮਾਮਲੇ ਦੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਇਸੇ ਲੜੀ ਤਹਿਤ ਏ.ਐੱਸ.ਆਈ. ਲਖਬੀਰ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਇਲਾਕੇ 'ਚ ਗਸ਼ਤ 'ਤੇ ਤਾਇਨਾਤ ਸੀ। ਗਸ਼ਤ ਦੌਰਾਨ ਪੁਲਿਸ ਨੂੰ ਇੱਕ ਪੁਖ਼ਤਾ ਗੁਪਤ ਸੂਚਨਾ ਮਿਲੀ ਕਿ ਵਾਰਡ ਨੰਬਰ 6 ਖਮਾਣੋਂ ਤੋਂ ਭਾਜਪਾ ਦੇ ਚੋਣ ਉਮੀਦਵਾਰ ਹਰਸ਼ ਕੁਮਾਰ ਆਪਣੇ ਇੱਕ ਰਿਸ਼ਤੇਦਾਰ ਸੰਜੂ ਸਿੰਘ ਨਾਲ ਕਾਰ 'ਚ ਭਾਰੀ ਮਾਤਰਾ 'ਚ ਸ਼ਰਾਬ ਲੈ ਕੇ ਵਾਰਡ ਵੱਲ ਜਾ ਰਹੇ ਹਨ, ਜਿਸ ਨੂੰ ਚੋਣਾਂ 'ਚ ਵੰਡੇ ਜਾਣ ਦਾ ਖ਼ਦਸ਼ਾ ਸੀ।
ਇਸ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਬਿਨਾਂ ਸਮਾਂ ਗਵਾਏ ਤੁਰੰਤ ਕਾਰਵਾਈ ਕੀਤੀ। ਏ.ਐੱਸ.ਆਈ. ਲਖਬੀਰ ਸਿੰਘ ਨੇ ਟੀਮ ਸਮੇਤ ਇਲਾਕੇ 'ਚ ਰਣਨੀਤਕ ਨਾਕਾਬੰਦੀ ਕਰ ਦਿੱਤੀ। ਕੁਝ ਸਮੇਂ ਬਾਅਦ ਜਦੋਂ ਸ਼ੱਕੀ ਕਾਰ ਉੱਥੇ ਪਹੁੰਚੀ ਤਾਂ ਪੁਲਿਸ ਨੇ ਚਾਰੋਂ ਪਾਸਿਓਂ ਘੇਰਾਬੰਦੀ ਕਰਕੇ ਉਸ ਨੂੰ ਰੋਕ ਲਿਆ। ਤਲਾਸ਼ੀ ਲੈਣ 'ਤੇ ਕਾਰ ਦੇ ਅੰਦਰੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਪੁਲਿਸ ਨੇ ਕਾਰਵਾਈ ਕਰਦੇ ਹੋਏ ਭਾਜਪਾ ਉਮੀਦਵਾਰ ਹਰਸ਼ ਕੁਮਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸੰਜੂ ਸਿੰਘ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।