‘ਐੱਸਡੀਕੇਐੱਸ ਸ਼੍ਰੀ ਸ਼੍ਰੀ ਅਕੈਡਮੀ’ ਪ੍ਰੋਜੈਕਟ ਦਾ ਭੂਮੀ ਪੂਜਨ ਨਾਲ ਸ਼ੁਭ ਆਰੰਭ
ਪਟਿਆਲਾ ਵਿੱਚ “ਐਸਡੀਕੇਐਸ ਸ਼੍ਰੀ ਸ਼੍ਰੀ ਅਕੈਡਮੀ” ਪ੍ਰੋਜੈਕਟ ਦਾ ਭੂਮੀ ਪੂਜਨ ਨਾਲ ਸ਼ੁਭ ਆਰੰਭ
Publish Date: Mon, 30 Mar 2026 06:13 PM (IST)
Updated Date: Mon, 30 Mar 2026 06:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ਹਿਰ ਵਿਚ ਐੱਸਡੀਕੇਐੱਸ ਵੱਲੋਂ ਆਪਣੇ ਮਹੱਤਵਪੂਰਨ ਸਿੱਖਿਆ ਪ੍ਰੋਜੈਕਟ ‘ਐੱਸਡੀਕੇਐੱਸ ਸ਼੍ਰੀ ਸ਼੍ਰੀ ਅਕੈਡਮੀ’ ਦਾ ਸ਼ੁਭ ਆਰੰਭ ਅੱਜ ਭੂਮੀ ਪੂਜਨ ਸਮਾਗਮ ਨਾਲ ਕੀਤਾ ਗਿਆ। ਇਸ ਪਵਿੱਤਰ ਰਸਮ ਨੂੰ ਐੱਸਡੀਕੇਐੱਸ ਦੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ ਨੇ ਅਦਾ ਕੀਤਾ। ਸਮਾਗਮ ਵਿਚ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਮੇਅਰ ਕੁੰਦਨ ਗੋਗੀਆ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਪਰਾਲਾ ਸਿਰਫ ਇਕ ਸਿੱਖਿਆ ਪ੍ਰੋਜੈਕਟ ਨਹੀਂ, ਸਗੋਂ ਸਮਾਜ ਨੂੰ ਮਜ਼ਬੂਤ ਅਤੇ ਆਤਮਨਿਰਭਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨਵੀਂ ਪੀੜ੍ਹੀ ਨੂੰ ਉੱਚ ਮਿਆਰੀ ਅਤੇ ਮੁੱਲ ਆਧਾਰਿਤ ਸਿੱਖਿਆ ਦੇਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਇਸ ਪ੍ਰੋਜੈਕਟ ਨਾਲ ਜੁੜੇ ਸਭ ਮੈਂਬਰਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਕੂਲ ਭਵਿੱਖ ਵਿਚ ਖੇਤਰ ਦੇ ਵਿਕਾਸ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਪ੍ਰਧਾਨ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਨੇ ਦਸਿਆ ਕਿ 1912 ਵਿਚ ਸਥਾਪਿਤ ਤੇ 1957 ਵਿਚ ਰਜਿਸਟਰਡ ਐੱਸਡੀਕੇਐੱਸ ਇਕ ਸਦੀ ਪੁਰਾਣੀ ਸੰਸਥਾ ਹੈ, ਜੋ ਸਿੱਖਿਆ, ਸਿਹਤ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿਚ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੀ ਹੈ। ਹੁਣ ਇਹ ਸੰਸਥਾ ਸਮੇਂ ਦੀਆਂ ਬਦਲਦੀਆਂ ਸਿੱਖਿਆਈ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਪੀੜ੍ਹੀ ਲਈ ਉੱਚ ਮਿਆਰੀ ਸਿੱਖਿਆ ਦੇਣ ਵੱਲ ਅੱਗੇ ਵੱਧ ਰਹੀ ਹੈ। ਪ੍ਰੋਜੈਕਟ ਦੀ ਅਗਵਾਈ ਮੁਨੀਸ਼ ਗੋਇਲ ਨੇ ਕੀਤੀ। ਉਨ੍ਹਾਂ ਦੇ ਨਾਲ ਪਵਨ ਗੋਇਲ ਸੈਕਟਰੀ ਤੇ ਪੀਆਰਓ ਐੱਸਡੀਕੇਐੱਸ ਪਟਿਆਲਾ, ਦੇਵੀ ਦਿਆਲ ਗੋਇਲ, ਸੰਜੇ ਸਿੰਗਲਾ, ਪਰਵੇਸ਼ ਮੰਗਲਾ, ਐਲ.ਆਰ. ਗੁਪਤਾ, ਜੇ.ਕੇ. ਸੈਨੀ ਅਤੇ ਕੋਆਰਡੀਨੇਟਰ ਰਾਜੇਸ਼ ਜਿੰਦਲ ਵੀ ਮੌਜੂਦ ਸਨ।